ਸਤੰਬਰ 'ਚ ਥੋਕ ਮਹਿੰਗਾਈ ਦਰ ਘਟ ਕੇ 10.70 ਫ਼ੀਸਦੀ 'ਤੇ, ਖਾਧ ਕੀਮਤਾਂ 'ਚ ਨਰਮੀ ਦਾ ਅਸਰ

10/15/2022 10:22:54 AM

ਨਵੀਂ ਦਿੱਲੀ–ਪ੍ਰਚੂਨ ਮਹਿੰਗਾਈ ਜਿੱਥੇ ਲਗਾਤਾਰ ਉੱਪਰ ਜਾ ਰਹੀ ਹੈ, ਉੱਥੇ ਹੀ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ (ਡਬਲਯੂ. ਪੀ. ਆਈ.) ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਸਤੰਬਰ ’ਚ ਥੋਕ ਮਹਿੰਗਾਈ ਦੀ ਦਰ ਡਿਗ ਕੇ 10.70 ਫੀਸਦੀ ’ਤੇ ਆ ਗਈ ਹੈ।
ਅੰਕੜਿਆਂ ਮੁਤਾਬਕ ਇਕ ਮਹੀਨਾ ਪਹਿਲਾਂ ਅਗਸਤ ’ਚ ਥੋਕ ਮਹਿੰਗਾਈ 12.41 ਫੀਸਦੀ ਸੀ ਜਦ ਕਿ ਪਿਛਲੇ ਸਾਲ ਸਤੰਬਰ ’ਚ ਥੋਕ ਮਹਿੰਗਾਈ ਦੀ ਦਰ 11.8 ਫੀਸਦੀ ਰਹੀ ਸੀ। ਸਰਕਾਰ ਦੇ ਅਧਿਕਾਰਕ ਅੰਕੜੇ ਜਾਰੀ ਕਰਨ ਤੋਂ ਪਹਿਲਾਂ ਨਿਊਜ਼ ਏਜੰਸੀ ਰਾਇਟਰ ਨੇ ਅਰਥਸ਼ਾਸਤਰੀਆਂ ਦਰਮਿਆਨ ਇਕ ਸਰਵੇ ਕਰਵਾਇਆ ਸੀ, ਜਿਸ ’ਚ ਸਤੰਬਰ ’ਚ ਥੋਕ ਮਹਿੰਗਾਈ 11.50 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਜਦ ਕਿ ਅਸਲ ਅੰਕੜਾ ਇਸ ਤੋਂ ਵੀ ਘੱਟ 0.80 ਫੀਸਦੀ ਘੱਟ ਰਿਹਾ ਹੈ। ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਜਾਰੀ ਪ੍ਰਚੂਨ ਮਹਿੰਗਾਈ ਸਤੰਬਰ ’ਚ ਵਧ ਕੇ 7.4 ਫੀਸਦੀ ਪਹੁੰਚ ਗਈ ਸੀ ਜੋ ਪੰਜ ਮਹੀਨਿਆਂ ’ਚ ਸਭ ਤੋਂ ਵੱਧ ਰਹੀ।
ਹਾਲਾਂਕਿ ਸਤੰਬਰ ਅਜਿਹਾ ਲਗਾਤਾਰ 18ਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦੀ ਦਰ ਦਹਾਈ ਅੰਕਾਂ ਤੋਂ ਉੱਪਰ ਰਹੀ ਹੈ। ਇਸ ਸਾਲ ਸਭ ਤੋਂ ਵੱਧ ਥੋਕ ਮਹਿੰਗਾਈ ਦੀ ਦਰ ਮਈ ’ਚ ਸੀ ਜਦੋਂ ਇਸ ਨੇ 15.88 ਫੀਸਦੀ ਦਾ ਅੰਕੜਾ ਛੂਹਿਆ ਸੀ।
ਖੁਰਾਕ ਮਹਿੰਗਾਈ 2 ਫੀਸਦੀ ਘਟੀ ਪਰ ਸਬਜ਼ੀਆਂ ਦੇ ਰੇਟ ਵਧੇ
ਸਤੰਬਰ ’ਚ ਖਾਣ-ਪੀਣ ਦੀਆਂ ਵਸਤਾਂ ਦੀ ਥੋਕ ਮਹਿੰਗਾਈ ਦਰ ’ਚ ਵੀ ਨਰਮੀ ਆਈ ਹੈ। ਇਹ ਅਗਸਤ ਦੇ 9.93 ਫੀਸਦੀ ਤੋਂ ਡਿਗ ਕੇ ਸਤੰਬਰ ’ਚ 8.08 ਫੀਸਦੀ ’ਤੇ ਆ ਗਈ। ਇਸ ਦੌਰਾਨ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ ’ਚ ਤੇਜ਼ੀ ਨਜ਼ਰ ਆਈ ਅਤੇ ਸਤੰਬਰ ’ਚ ਇਹ 39.66 ਫੀਸਦੀ ’ਤੇ ਪਹੁੰਚ ਗਈ ਜੋ ਅਗਸਤ ’ਚ 22.29 ਫੀਸਦੀ ਸੀ। ਇਸ ਦੌਰਾਨ ਆਲੂ ਦੀ ਮਹਿੰਗਾਈ ਦਰ 43.56 ਫੀਸਦੀ ਤੋਂ ਵਧ ਕੇ 49.79 ਫੀਸਦੀ ਹੋ ਗਈ ਜਦ ਕਿ ਆਂਡੇ-ਮੱਛੀ ਅਤੇ ਮੀਟ ਦੀ ਥੋਕ ਮਹਿੰਗਾਈ ਦਰ ਘਟੀ ਹੈ। ਇਹ ਅਗਸਤ ਦੇ 7.88 ਫੀਸਦੀ ਤੋਂ ਡਿਗ ਕੇ 3.63 ਫੀਸਦੀ ’ਤੇ ਪਹੁੰਚ ਗਈ।
ਈਂਧਨ ਅਤੇ ਊਰਜਾ ਖੇਤਰ ’ਚ ਵੀ ਨਰਮੀ
ਈਂਧਨ ਅਤੇ ਊਰਜਾ ਖੇਤਰ ’ਚ ਥੋਕ ਮਹਿੰਗਾਈ ਦਰ ਘਟ ਕੇ 32.61 ਫੀਸਦੀ ’ਤੇ ਆ ਗਈ। ਮੈਨੂਫੈਕਚਰਿੰਗ ਉਤਪਾਦਾਂ ਦੀ ਮਹਿੰਗਾਈ ਦਰ ਇਸ ਦੌਰਾਨ 6.34 ਫੀਸਦੀ ਜਦ ਕਿ ਤਿਲਹਨ ਦੀ ਥੋਕ ਮਹਿੰਗਾਈ ਦਰ ਜ਼ੀਰੋ ਤੋਂ 16.55 ਫੀਸਦੀ ਰਹੀ। ਰਿਜ਼ਰਵ ਬੈਂਕ ਨੇ ਪ੍ਰਚੂਨ ਮਹਿੰਗਾਈ ਦਰ 6 ਫੀਸਦੀ ਦੇ ਘੇਰੇ ’ਚ ਸੀਮਤ ਕਰਨ ਦਾ ਟੀਚਾ ਰੱਖਿਆ ਹੈ ਪਰ ਫਿਲਹਾਲ ਇਸ ’ਚ ਸਫਲਤਾ ਨਹੀਂ ਮਿਲ ਸਕੀ ਹੈ।
ਅਪ੍ਰੈਲ 2021 ਤੋਂ ਬਾਅਦ ਸਭ ਤੋਂ ਘੱਟ ਥੋਕ ਮਹਿੰਗਾਈ ਦੀ ਦਰ
ਇਸ ਸਾਲ ਸਤੰਬਰ ’ਚ ਥੋਕ ਮਹਿੰਗਾਈ ਦੀ ਦਰ ਪਿਛਲੇ 17 ਮਹੀਨਿਆਂ ’ਚ ਸਭ ਤੋਂ ਘੱਟ ਰਹੀ ਹੈ। ਆਲਮ ਇਹ ਹੈ ਕਿ ਮਾਰਚ 2021 ਤੋਂ ਬਾਅਦ ਥੋਕ ਮਹਿੰਗਾਈ ਦੀ ਦਰ ਦਹਾਈ ਅੰਕਾਂ ਤੋਂ ਹੇਠਾਂ ਨਹੀਂ ਉਤਰੀ ਹੈ। ਉਦੋਂ ਥੋਕ ਮਹਿੰਗਾਈ 7.89 ਫੀਸਦੀ ਸੀ ਜਦ ਕਿ ਅਪ੍ਰੈਲ 2021 ’ਚ ਥੋਕ ਮਹਿੰਗਾਈ ਨੇ ਪਹਿਲੀ ਵਾਰ ਦਹਾਈ ਦਾ ਅੰਕੜਾ ਪਾਰ ਕੀਤਾ ਸੀ ਅਤੇ 10.74 ਫੀਸਦੀ ਰਹੀ ਸੀ। ਇਸ ਵਾਰ ਸਤੰਬਰ ’ਚ ਇਹ 10.70 ਫੀਸਦੀ ਰਹੀ ਹੈ। ਯਾਨੀ 17 ਮਹੀਨਿਆਂ ਬਾਅਦ ਥੋਕ ਮਹਿੰਗਾਈ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News