MSP 'ਤੇ ਕਣਕ ਦੀ ਰਿਕਾਰਡ ਤੋੜ ਸਰਕਾਰੀ ਖ਼ਰੀਦ, ਇੰਨੇ ਟਨ ਤੋਂ ਹੋਈ ਪਾਰ
Saturday, May 29, 2021 - 12:14 PM (IST)
ਨਵੀਂ ਦਿੱਲੀ- ਬੰਪਰ ਪੈਦਾਵਾਰ ਦੇ ਅਨੁਮਾਨ ਵਿਚਕਾਰ ਇਸ ਮਾਰਕੀਟਿੰਗ ਸੀਜ਼ਨ ਵਿਚ ਹੁਣ ਤੱਕ 4 ਕਰੋੜ ਟਨ ਤੋਂ ਵੀ ਜ਼ਿਆਦਾ ਕਣਕ ਦੀ ਸਰਕਾਰੀ ਖ਼ਰੀਦ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੀ ਕੁੱਲ ਖ਼ਰੀਦ ਦੇ ਮੁਕਾਬਲੇ 10 ਲੱਖ ਟਨ ਤੋਂ ਵੀ ਜ਼ਿਆਦਾ ਹੈ। ਕਣਕ ਦੀ ਇਹ ਖ਼ਰੀਦ ਹੁਣ ਤੱਕ ਦੀ ਸਰਵਉੱਚ ਹੈ।
ਮੱਧ ਪ੍ਰਦੇਸ਼ ਤੇ ਯੂ. ਪੀ. ਵਿਚ ਹੁਣ ਤੱਕ ਵੀ ਕਣਕ ਦੀ ਸਰਕਾਰੀ ਖ਼ਰੀਦ ਜਾਰੀ ਹੈ। ਹਾਲਾਂਕਿ, ਅਜੇ ਸਰਕਾਰੀ ਖ਼ਰੀਦ ਨਿਰਧਾਰਤ ਟੀਚੇ ਤੋਂ 27 ਲੱਖ ਟਨ ਪਿੱਛੇ ਹੈ, ਜੋ ਜਲਦ ਪੂਰਾ ਹੋਣ ਦੀ ਆਸ ਹੈ।
ਪਿਛਲੇ ਸਾਲ ਕਣਕ ਦੀ ਸਰਕਾਰੀ ਖ਼ਰੀਦ 3.89 ਕਰੋੜ ਟਨ ਹੋਈ ਸੀ, ਜਦੋਂ ਕਿ ਉਤਪਾਦਨ 10.78 ਕਰੋੜ ਟਨ ਹੋਇਆ ਸੀ। ਉੱਥੇ ਹੀ, ਚਾਲੂ ਫ਼ਸਲ ਸਾਲ 2020-21 ਵਿਚ ਕਣਕ ਦੀ ਪੈਦਾਵਾਰ 10.87 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਹੁਣ ਤੱਕ 4 ਕਰੋੜ ਟਨ ਤੋਂ ਵੱਧ ਕਣਕ ਦੀ ਸਰਕਾਰੀ ਖ਼ਰੀਦ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਸਰਕਾਰੀ ਖ਼ਰੀਦ 15 ਜੂਨ ਤੱਕ ਹੋਣੀ ਹੈ। ਮੱਧ ਪ੍ਰਦੇਸ਼ ਆਪਣੇ ਟੀਚੇ 1.35 ਕਰੋੜ ਟਨ ਵਿਚੋਂ 1.24 ਕਰੋੜ ਟਨ ਖ਼ਰੀਦ ਚੁੱਕਾ ਹੈ। ਯੂ. ਪੀ. 55 ਲੱਖ ਟਨ ਦੇ ਟੀਚੇ ਵਿਚੋਂ ਹੁਣ ਤੱਕ 36.55 ਲੱਖ ਟਨ ਖ਼ਰੀਦ ਚੁੱਕਾ ਹੈ।
ਇਹ ਵੀ ਪੜ੍ਹੋ- ਬਾਜ਼ਾਰ : ਸਾਲ 'ਚ 300 ਫ਼ੀਸਦੀ ਚੜ੍ਹ ਚੁੱਕਾ ਹੈ ਇਹ ਸਮਾਲਕੈਪ ਟੈੱਕ ਸਟਾਕ
ਉੱਥੇ ਹੀ, ਪੰਜਾਬ ਨੇ ਨਿਰਧਾਰਤ ਟੀਚੇ 1.30 ਕਰੋੜ ਟਨ ਦੇ ਮੁਕਾਬਲੇ 1.32 ਕਰੋੜ ਟਨ ਤੋਂ ਜ਼ਿਆਦਾ ਕਣਕ ਖ਼ਰੀਦ ਕੀਤੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ 80 ਲੱਖ ਟਨ ਦੇ ਮੁਕਾਬਲੇ 84.93 ਲੱਖ ਟਨ ਖ਼ਰੀਦ ਹੋ ਚੁੱਕੀ ਹੈ। ਉਤਰਾਖੰਡ, ਰਾਜਸਥਾਨ, ਜੰਮੂ-ਕਸ਼ਮੀਰ, ਰਾਜਸਥਾਨ, ਬਿਹਾਰ, ਹਿਮਾਚਲ ਪ੍ਰਦੇਸ਼ ਵਿਚ ਵੀ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਹੁਣ ਤੱਕ 42 ਲੱਖ ਤੋਂ ਵੱਧ ਕਿਸਾਨਾਂ ਤੋਂ ਸਿੱਧੇ ਖ਼ਰੀਦ ਹੋਈ ਹੈ ਅਤੇ ਉਨ੍ਹਾਂ ਦੇ ਖਾਤੇ ਵਿਚ ਪੈਸੇ ਭੇਜੇ ਗਏ। ਸਰਕਾਰ ਨੇ ਹੁਣ ਤੱਕ 79,000 ਕਰੋੜ ਰੁਪਏ ਮੁੱਲ ਤੋਂ ਜ਼ਿਆਦਾ ਦੀ ਕਣਕ ਖ਼ਰੀਦੀ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ