WhatsApp ਦੀ ਨਵੀਂ ਪਾਲਿਸੀ, ਨਾ ਮੰਨੀ ਤਾਂ ਨਹੀਂ ਕਰ ਸਕੋਗੇ ਇਸਤੇਮਾਲ
Thursday, Jan 07, 2021 - 10:38 PM (IST)

ਨਵੀਂ ਦਿੱਲੀ- WhatsApp ਨਿਯਮ ਬਦਲ ਰਿਹਾ ਹੈ ਅਤੇ ਇਨ੍ਹਾਂ ਨੂੰ ਨਾ ਮੰਨਣ 'ਤੇ ਹੁਣ ਤੁਸੀਂ ਇਸ ਨੂੰ ਚਲਾ ਨਹੀਂ ਸਕੋਗੇ। ਇਹ ਨਿਯਮ ਅਤੇ ਸ਼ਰਤਾਂ 8 ਫਰਵਰੀ ਨੂੰ ਲਾਗੂ ਹੋ ਰਹੇ ਹਨ। ਯੂਜ਼ਰਜ਼ ਨੂੰ 5 ਜਨਵਰੀ ਤੋਂ ਹੀ ਨਵੀਂਆਂ ਸ਼ਰਤਾਂ ਨੂੰ ਮੰਨਣ ਦੇ ਨੋਟੀਫਿਕਸ਼ੇਨ ਆਉਣ ਲੱਗੇ ਹਨ। ਹਾਲਾਂਕਿ, ਫਿਲਹਾਲ ਯੂਜ਼ਰ ਇਸ ਨੂੰ ਹਟਾ ਸਕਦੇ ਹਨ ਪਰ 8 ਫਰਵਰੀ ਤੋਂ ਸ਼ਰਤਾਂ ਨਾ ਮੰਨਣ 'ਤੇ ਤੁਸੀਂ WhatsApp ਨਹੀਂ ਚਲਾ ਸਕੋਗੇ।
WhatsApp ਹੁਣ ਪਹਿਲਾਂ ਨਾਲੋਂ ਜ਼ਿਆਦਾ ਯੂਜ਼ਰ ਦੀ ਜਾਣਕਾਰੀ ਫੇਸਬੁੱਕ ਨਾਲ ਸਾਂਝਾ ਕਰ ਸਕਦਾ ਹੈ। ਇਸ ਨੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ ਕਿ ਕਿੰਨਾ ਡਾਟਾ ਸਾਂਝਾ ਕੀਤਾ ਜਾਵੇਗਾ। ਵਟਸਐਪ ਦੀ ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿਚ ਤੁਹਾਡੇ ਕੋਲ ਇਹ ਆਜ਼ਾਦੀ ਸੀ ਕਿ ਤੁਸੀਂ ਆਪਣੇ ਵਟਸਐਪ ਅਕਾਊਂਟ ਦੀ ਜਾਣਕਾਰੀ ਫੇਸਬੁੱਕ ਨਾਲ ਸਾਂਝਾ ਹੋਣ ਤੋਂ ਰੋਕ ਸਕਦੇ ਸੀ ਪਰ ਨਵੀਂ ਪਾਲਿਸੀ ਵਿਚ ਇਸ ਗੱਲ ਦੀ ਗੁੰਜਾਇਸ਼ ਖ਼ਤਮ ਹੋ ਗਈ ਹੈ।
ਦਰਅਸਲ, ਹੁਣ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਰਲੇਵਾਂ ਹੋ ਗਿਆ ਹੈ, ਤਿੰਨੋ ਸੋਸ਼ਲ ਸਾਈਟ ਹੁਣ ਇਕ ਹੀ ਕੰਪਨੀ ਦੇ ਬੈਨਰ ਹੇਠਾਂ ਹਨ। ਨਵੀਂ ਪਾਲਿਸੀ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਵਟਸਐਪ ਦਾ ਡਾਟਾ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸਰਕਾਰ ਦੇਵੇਗੀ ਰਾਹਤ, ਇਸ ਕੀਮਤ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ
ਕੀ ਹੋਵੇਗਾ ਸਾਂਝਾ
WhatsApp ਅਕਾਊਂਟ ਦੇ ਰਜਿਸਟ੍ਰੇਸ਼ਨ ਦੀ ਜਾਣਕਾਰੀ ਜਿਵੇਂ ਕਿ ਤੁਹਾਡਾ ਮੋਬਾਇਲ ਨੰਬਰ, ਪ੍ਰੋਫਾਇਲ ਨਾਮ ਅਤੇ ਫੋਟੋ, ਵਟਸਐਪ ਪੇਮੈਂਟ ਦਾ ਇਸਤੇਮਾਲ ਕਰਕੇ ਕੀਤੀ ਗਈ ਖ਼ਰੀਦਦਾਰੀ ਦਾ ਵੇਰਵਾ, ਵਟਸਐਪ 'ਤੇ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। ਮੋਬਾਇਲ ਫੋਨ ਦੇ ਮਾਡਲ, ਓਪਰੇਟਿੰਗ ਸਿਸਟਮ, ਆਈ. ਪੀ. ਅਡ੍ਰੈੱਸ ਜੋ ਤੁਹਾਡੀ ਲੋਕੇਸ਼ਨ ਦਾ ਪਤਾ ਦੱਸਦਾ ਹੈ, ਇਹ ਸਾਰੀ ਜਾਣਕਾਰੀ ਹੁਣ ਫੇਸਬੁੱਕ ਕੋਲ ਜਾਏਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਦਾ ਇਸਤੇਮਾਲ ਆਪਣੀਆਂ ਸੇਵਾਵਾਂ ਵਿਚ ਸੁਧਾਰ ਲਈ ਕਰ ਰਹੀ ਹੈ। ਹਾਲਾਂਕਿ, ਐਪ 'ਤੇ ਭੇਜੇ ਗਏ ਮੈਸੇਜ ਐਂਡ-ਟੂ-ਐਂਡ ਇਨਕ੍ਰਿਪਟ ਰਹਿਣਗੇ, ਭਾਵ ਨਾ ਤਾਂ WhatsApp ਅਤੇ ਨਾ ਹੀ ਫੇਸਬੁੱਕ ਉਨ੍ਹਾਂ ਨੂੰ ਪੜ੍ਹ ਸਕਦਾ ਹੈ।
ਇਹ ਵੀ ਪੜ੍ਹੋ- USA 'ਚ ਹੋਈ ਹਿੰਸਾ ਨੂੰ ਲੈ ਕੇ ਟਰੰਪ 'ਤੇ ਵਰ੍ਹੀ UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ