ਡਾਲਰ ਮੁਕਾਬਲੇ ਰੁਪਏ ਦੀ ਕਮਜ਼ੋਰੀ ਚਿੰਤਾਜਨਕ, ਆਮ ਆਦਮੀ ਦੀ ਜ਼ਿੰਦਗੀ ਕਰ ਸਕਦੀ ਹੈ ਪ੍ਰਭਾਵਿਤ
Thursday, Jun 30, 2022 - 11:46 AM (IST)
ਨਵੀਂ ਦਿੱਲੀ - ਕਈ ਰਿਕਾਰਡ ਖੁਸ਼ ਕਰ ਜਾਂਦੇ ਹਨ ਪਰ ਰੁਪਏ ਨੇ ਅੱਜ ਜੋ ਨਵਾਂ ਰਿਕਾਰਡ ਬਣਾ ਦਿੱਤਾ ਹੈ, ਭਗਵਾਨ ਨਾ ਕਰੇ! ਇਹ ਅਜਿਹਾ ਰਿਕਾਰਡ ਹੈ, ਜਿਸ ਨਾਲ ਤੁਸੀਂ ਖੁਸ਼ ਨਹੀਂ ਹੋ ਸਕਦੇ, ਸਗੋਂ ਇਸ ਦਾ ਅਸਰ ਤੁਹਾਨੂੰ ਰੁਆ ਜ਼ਰੂਰ ਸਕਦਾ ਹੈ। ਸਿੱਧੇ ਤੌਰ ’ਤੇ ਕਿਹਾ ਜਾਵੇ ਤਾਂ ਕਮਜ਼ੋਰ ਰੁਪਇਆ ਮਹਿੰਗਾਈ ਵਧਾਏਗਾ ਅਤੇ ਸਾਡੇ ਜੇਬ ਨੂੰ ਹੋਰ ਵੀ ਕਮਜ਼ੋਰ ਕਰੇਗਾ। ਡਾਲਰ ਦੇ ਮੁਕਾਬਲੇ ਰੁਪਇਆ 80 ਨੂੰ ਛੂਹਣ ਲਈ ਕਾਹਲਾ ਹੈ।
ਬੁੱਧਵਾਰ ਨੂੰ ਇਕ ਸਮੇਂ ਡਾਲਰ 79.07 ਰੁਪਏ ਦੇ ਪੱਧਰ ’ਤੇ ਪਹੁੰਚ ਗਿਆ ਸੀ। ਹਾਲਾਂਕਿ ਬਾਅਦ ’ਚ ਰੁਪਏ ’ਚ ਕੁੱਝ ਸੁਧਾਰ ਨਾਲ ਇਹ 78.98 ਹੋ ਗਿਆ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਜਿਹੋ ਜਿਹੇ ਆਸਾਰ ਹਨ, ਉਸ ਤੋਂ ਲਗ ਰਿਹਾ ਹੈ ਕਿ ਜੇ ਹਫਤਾ ਭਰ ਰੁਕ-ਰੁਕ ਕੇ ਭਨਾਉਂਦੇ ਹਾਂ ਤਾਂ 80 ਅਤੇ 81 ਰੁਪਇਆ ਵੀ ਮਿਲ ਸਕਦਾ ਹੈ। ਇਸ ਸਾਲ ਜਨਵਰੀ ’ਚ ਡਾਲਰ ਦੇ ਮੁਕਾਬਲੇ ਰੁਪਇਆ 73 ਦੇ ਪੱਧਰ ’ਤੇ ਸੀ। ਹਾਲਾਤ ਅਜਿਹੇ ਹਨ ਕਿ ਰੁਪਏ ਦੇ ਹੋਰ ਡਿਗਣ ਦਾ ਖਤਰਾ ਬਰਕਰਾਰ ਹੈ।
ਵਿਦੇਸ਼ੀ ਨਿਵੇਸ਼ਕਾਂ ਨੇ ਕੱਢੇ 3 ਲੱਖ ਕਰੋੜ
ਮਹਿੰਗਾਈ ਵਧਣ ਅਤੇ ਗ੍ਰੋਥ ਘੱਟ ਹੋਣ ਕਾਰਨ ਸ਼ੇਅਰ ਬਾਜ਼ਾਰ ’ਚੋਂ ਵੀ ਨਿਵੇਸ਼ਕ ਪੈਸਾ ਕੱਢ ਰਹੇ ਹਨ, ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਵਿਦੇਸ਼ੀ ਨਿਵੇਸ਼ਕ ਕਰੀਬ 3 ਲੱਖ ਕਰੋੜ ਰੁਪਏ ਦੇ ਬਰਾਬਰ ਡਾਲਰ ਕੱਢ ਚੁੱਕੇ ਹਨ।
ਰੁਪਇਆ ਡਿਗਣ ਦੇ ਕਾਰਨ
ਰੁਪਏ ਦੀ ਕੀਮਤ ਵੀ ਮੰਗ ਅਤੇ ਸਪਲਾਈ ਦੇ ਨਿਯਮ ’ਤੇ ਨਿਰਭਰ ਕਰਦੀ ਹੈ। ਪਹਿਲਾ ਕਾਰਨ ਇਹ ਹੈ ਕਿ ਅਮਰੀਕਾ ’ਚ ਬੈਂਕ ਵੀ ਵਿਆਜ ਦਰ ਵਧਾ ਰਹੇ ਹਨ। ਨਿਵੇਸ਼ਕਾਂ ਨੂੰ ਲਗਦਾ ਹੈ ਕਿ ਅਮਰੀਕਾ ’ਚ ਵਿਆਜ ਦਰਾਂ ਵਧਣਗੀਆਂ ਅਤੇ ਨਿਵੇਸ਼ ’ਤੇ ਵਿਆਜ ਜ਼ਿਆਦਾ ਤਾਂ ਉਹ ਭਾਰਤ ਤੋਂ ਨਿਵੇਸ਼ ਕੱਢ ਰਹੇ ਹਨ। ਡਾਲਰ ਮਹਿੰਗਾ ਹੋਣ ਦਾ ਦੂਜਾ ਕਾਰਨ ਹੈ ਕਿ ਸਾਨੂੰ ਹਰ ਇੰਪੋਰਟ ਲਈ ਡਾਲਰ ਚਾਹੀਦੇ ਹਨ। ਕੱਚਾ ਤੇਲ ਲਗਾਤਾਰ ਮਹਿੰਗਾ ਹੋ ਰਿਹਾ ਹੈ। ਉਸ ਲਈ ਸਾਨੂੰ ਜ਼ਿਆਦਾ ਡਾਲਰ ਖਰਚ ਕਰਨੇ ਪੈ ਰਹੇ ਹਨ। ਵਿਦੇਸ਼ ਯਾਤਰਾ ਮਹਿੰਗੀ ਹੋ ਗਈ ਹੈ, ਜਿਸ ’ਚ ਮੁੜ ਜ਼ਿਆਦਾ ਖਰਚ ਹੋ ਰਹੇ ਹਨ। ਜਿਸ ਰਫਤਾਰ ਨਾਲ ਇੰਪੋਰਟ ਵਧ ਰਹੀ ਹੈ, ਉਸ ਰਫਤਾਰ ਨਾਲ ਐਕਸਪੋਰਟ ਨਹੀਂ ਵਧ ਰਹੀ ਹੈ। ਯਾਨੀ ਅਸੀਂ ਜਿੰਨੇ ਡਾਲਰ ਕਮਾ ਰਹੇ ਹਾਂ, ਉਸ ਨਾਲੋਂ ਵੱਧ ਖਰਚ ਕਰ ਰਹੇ ਹਾਂ।
ਉਦਾਹਰਣ ਰਾਹੀਂ ਸਮਝੋ
ਜਿਵੇਂ ਗਰਮੀਆਂ ’ਚ ਟਮਾਟਰ 50 ਰੁਪਏ ਪ੍ਰਤੀ ਕਿਲੋ ਮਿਲਦੇ ਹਨ ਅਤੇ ਠੰਡ ਦੇ ਮੌਸਮ ’ਚ ਇਹੀ ਟਮਾਟਰ 50 ਰੁਪਏ ਦੇ 5 ਕਿਲੋ ਮਿਲਦੇ ਹਨ ਕਿਉਂਕਿ ਉਦੋਂ ਟਮਾਟਰ ਦੀ ਬੰਪਰ ਫਸਲ ਆਉਣ ਨਾਲ ਸਪਲਾਈ ਵਧ ਜਾਂਦੀ ਹੈ। ਠੀਕ ਅਜਿਹਾ ਹੀ ਰੁਪਏ ਨਾਲ ਹੋਇਆ ਹੈ। ਇਨੀਂ ਦਿਨੀਂ ਡਾਲਰ ਦੀ ਮੰਗ ਜ਼ਿਆਦਾ ਹੈ। ਡਾਲਰ ਆਉਣ ਦੀ ਥਾਂ ਜਾ ਰਿਹਾ ਹੈ।
ਇਹ ਵੀ ਪੜ੍ਹੋ : Worldline Report : UPI ਜ਼ਰੀਏ ਲੈਣ-ਦੇਣ 90 ਫ਼ੀਸਦ ਵਧ ਕੇ ਹੋਇਆ 26.19 ਲੱਖ ਕਰੋੜ ਰੁਪਏ
ਇੰਝ ਰੁਕੇਗੀ ਗਿਰਾਵਟ
ਰਿਜ਼ਰਵ ਬੈਂਕ ਵੱਡੀ ਗਿਣਤੀ ’ਚ ਡਾਲਰ ਵੇਚਣ ਲੱਗੇ ਤਾਂ ਰੁਪਏ ਦੀ ਗਿਰਾਵਟ ਰੁਕ ਸਕਦੀ ਹੈ। ਪਰ ਅਜਿਹਾ ਕਰਨ ਨਾਲ ਰੁਪਏ ਦੀ ਗਿਰਾਵਟ ਕੁੱਝ ਹੀ ਦਿਨਾਂ ਲਈ ਰੁਕ ਸਕੇਗੀ ਅਤੇ ਇਸ ਦਾ ਨੁਕਸਾਨ ਇਹ ਹੋਵੇਗਾ ਕਿ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋ ਜਾਏਗਾ। ਦੂਜਾ ਤਰੀਕਾ ਹੈ ਕਿ ਡਾਲਰ ਕਮਾਏ ਜਾਣ ਯਾਨੀ ਐਕਸਪੋਰਟ ਵਧਾਈ ਜਾਵੇ ਪਰ ਇਹ ਵੀ ਰਾਤੋ-ਰਾਤ ਸੰਭਵ ਨਹੀਂ ਹੈ। ਇਸ ਲਈ ਫਿਲਹਾਲ ਰੁਪਏ ਦੀ ਗਿਰਾਵਟ ਦਾ ਖਤਰਾ ਬਰਕਰਾਰ ਰਹੇਗਾ।
ਇਨ੍ਹਾਂ ਨੂੰ ਕੁੱਝ ਫਾਇਦਾ
ਹਾਲਾਂਕਿ ਰੁਪਇਆ ਡਿਗਣ ਨਾਲ ਕੁਝ ਫਾਇਦਾ ਵੀ ਹੋਵੇਗਾ, ਜਿਵੇਂ ਐਕਸਪੋਰਟ ਸਸਤੀ ਹੋ ਜਾਏਗੀ। ਟੈਕਸਟਾਈਲ, ਲੈਦਰ ਤੋਂ ਬਣੇ ਸਾਮਾਨ, ਆਈ. ਟੀ. ਸਾਫਟਵੇਅਰ ਦਾ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ।
ਰੁਪਇਆ ਕਮਜ਼ੋਰ ਤਾਂ ਜੇਬ ਕਮਜ਼ੋਰ
ਰੁਪਇਆ ਡਿਗਣ ਦੀ ਸਮੱਸਿਆ ਅਜਿਹੀ ਹੈ ਕਿ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਕੋਈ ਜਾਦੂਈ ਸ਼ਕਤੀ ਨਹੀਂ ਹੈ। ਰਿਜ਼ਰਵ ਬੈਂਕ ਕੋਲ ਵਿਦੇਸ਼ੀ ਮੁਦਰਾ ਭੰਡਾਰ 590 ਅਰਬ ਡਾਲਰ ਦੇ ਬਰਾਬਰ ਹੈ ਪਰ ਜਨਵਰੀ ’ਚ ਇਹੀ ਭੰਡਾਰ 630 ਅਰਬ ਡਾਲਰ ਦੇ ਬਰਾਬਰ ਸੀ। ਮਤਲਬ 6 ਮਹੀਨਿਆਂ ’ਚ 40 ਅਰਬ ਡਾਲਰ ਘੱਟ ਹੋ ਚੁੱਕਾ ਹੈ। ਇਸ ਤਰ੍ਹਾਂ ਤਾਂ ਰੁਪਏ ਦੀ ਕਮਜ਼ੋਰੀ ਸਾਡੇ ਜੇਬ ਨੂੰ ਹੋਰ ਕਮਜ਼ੋਰ ਕਰੇਗੀ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਜ਼ਰੂਰੀ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਵੱਡਾ ਅਸਰ
ਰੁਪਏ ਦੇ ਡਿਗਣ ਦਾ ਸਾਡੀ ਜ਼ਿੰਦਗੀ ’ਤੇ ਅਸਰ
ਮਹਿੰਗਾਈ ਦਾ ਬੋਝ ਵਧ ਜਾਵੇਗਾ
ਓਹ ਸਾਰੇ ਸਾਮਾਨ ਮਹਿੰਗੇ ਹੋ ਜਾਣਗੇ, ਜਿਨ੍ਹਾਂ ਨੂੰ ਅਸੀਂ ਵਿਦੇਸ਼ ਤੋਂ ਮੰਗਵਾਉਂਦੇ ਹਾਂ।
ਪੈਟਰੋਲ-ਡੀਜ਼ਲ ’ਤੇ ਤਾਂ ਇਸ ਦੀ ਦੋਹਰੀ ਮਾਰ ਪਵੇਗੀ।
ਖਾਣ ਵਾਲੇ ਤੇਲ ਹੋਰ ਮਹਿੰਗੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਅਸੀਂ ਵਿਦੇਸ਼ ਤੋਂ ਮੰਗਵਾਉਂਦੇ ਹਾਂ।
ਇਲੈਕਟ੍ਰਾਨਿਕ ਆਈਟਮਸ ਜਿਵੇਂ ਮੋਬਾਇਲ ਫੋਨ, ਲੈਪਟਾਪ, ਕਾਰਾਂ ਆਦਿ ਸਭ ਮਹਿੰਗੇ ਹੋ ਜਾਣਗੇ।
ਵਿਦੇਸ਼ ਯਾਤਰਾ ਅਤੇ ਵਿਦੇਸ਼ ਘੁੰਮਣਾ ਮਹਿੰਗਾ ਹੋ ਜਾਏਗਾ।
ਜਿਨ੍ਹਾਂ ਲੋਕਾਂ ਦੇ ਬੱਚੇ ਵਿਦੇਸ਼ ’ਚ ਪੜ੍ਹਦੇ ਹਨ, ਉਨ੍ਹਾਂ ਨੂੰ ਵਧੇਰੇ ਰਕਮ ਖਰਚ ਕਰਨੀ ਪਵੇਗੀ।
ਅਰੁਣ ਕੁਮਾਰ ਪਾਂਡੇ
ਇਹ ਵੀ ਪੜ੍ਹੋ : 100 ਸਾਲ 'ਚ ਪਹਿਲੀ ਵਾਰ ਵਿਦੇਸ਼ੀ ਕਰਜ਼ਾ ਚੁਕਾਉਣ ਵਿਚ ਨਾਕਾਮਯਾਬ ਹੋਇਆ ਰੂਸ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।