ਅਸੀਂ ਭਾਰਤ ਦਾ ਭਰੋਸਾ ਨਹੀਂ ਤੋੜਿਆ, ਮੁੱਲ ਸਥਿਰਤਾ ਪ੍ਰਦਾਨ ਕੀਤੀ : ਓਪੇਕ

10/16/2018 11:10:17 PM

ਨਵੀਂ ਦਿੱਲੀ-ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿੰਤਾ ਜ਼ਾਹਰ ਕਰਨ ਤੋਂ ਇਕ ਦਿਨ ਬਾਅਦ ਤੇਲ ਉਤਪਾਦਕ ਅਤੇ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਨੇ ਕਿਹਾ ਕਿ ਉਸ ਨੇ ਭਾਰਤ ਅਤੇ ਹੋਰ ਤੇਲ ਦਰਾਮਦਕਾਰ ਦੇਸ਼ਾਂ ਦਾ ਭਰੋਸਾ ਨਹੀਂ ਤੋੜਿਆ ਹੈ ਸਗੋਂ ਬਾਜ਼ਾਰ ਵਿਚ 4 ਸਾਲ ਦੀ ਗਿਰਾਵਟ ਤੋਂ ਬਾਅਦ ਉਸ ਵਿਚ ਜ਼ਰੂਰੀ ਸਥਿਰਤਾ ਹੀ ਪ੍ਰਦਾਨ ਕੀਤੀ ਹੈ। ਓਪੇਕ ਦੇ ਜਨਰਲ ਸਕੱਤਰ ਸਾਨੂਸੀ ਬਰਕਿੰਡੋ ਨੇ ਹਾਲਾਂਕਿ ਇਹ ਵੀ ਕਿਹਾ ਕਿ ਬੀਤੇ ਸਮੇਂ ਵਿਚ ਤੇਲ ਬਾਜ਼ਾਰ ਵਿਚ ਜੋ ਸਥਿਰਤਾ ਪੈਦਾ ਹੋਈ ਸੀ, ਉਸ ਦੇ ਲਈ ਹੁਣ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ ਪਰ ਇਹ ਮੁਸ਼ਕਲਾਂ ਓਪੇਕ ਦੇ ਕਾਰਨ ਨਹੀਂ ਸਗੋਂ ਵਪਾਰਕ ਤਣਾਅ ਅਤੇ ਵਿਆਜ ਦਰਾਂ ਵਿਚ ਮਜ਼ਬੂਤੀ ਵਰਗੇ ਬਾਹਰੀ ਕਾਰਕਾਂ ਕਰ ਕੇ ਹਨ। ਉਨ੍ਹਾਂ ਰਾਜਧਾਨੀ ਵਿਚ ਪੈਟਰੋਲੀਅਮ ਉਦਯੋਗ ਉੱਤੇ ਇੰਡੀਆ ਐਨਰਜੀ ਫੋਰਮ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਭਾਰਤ ਦਾ ਭਰੋਸਾ ਨਹੀਂ ਤੋੜਿਆ ਹੈ, ਅਸੀਂ ਵੱਡੇ ਖਪਤਕਾਰ ਦੇਸ਼ਾਂ ਨੂੰ ਨਿਰਾਸ਼ ਨਹੀਂ ਕੀਤਾ ਹੈ। ਅਸੀਂ ਜੋ ਵੀ ਕਦਮ ਚੁੱਕਦੇ ਹਾਂ, ਜੋ ਵੀ ਫੈਸਲੇ ਕਰਦੇ ਹਾਂ, ਉਨ੍ਹਾਂ ਵਿਚ ਖਪਤਕਾਰ ਦੇਸ਼ਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਂਦਾ ਹੈ।’


Related News