ਵਾਰੇਨ ਬਫੇ ਨੇ ਦਾਨ ਕੀਤੇ 23,000 ਕਰੋੜ

07/18/2018 12:38:50 AM

ਜਲੰਧਰ— ਦੁਨੀਆ ਦੇ ਮੰਨੇ-ਪ੍ਰਮੰਨੇ ਨਿਵੇਸ਼ਕ ਵਾਰੇਨ ਬਫੇ ਨੇ ਬਿਲ ਐਂਡ ਮੇਲਿੰਡਾ ਫਾਊਂਡੇਸ਼ਨ ਨੂੰ 3.4 ਬਿਲੀਅਨ ਡਾਲਰ ਦੇ ਬਰਕਸ਼ਾਇਰ ਹੈਥਵੇ ਦੇ ਸ਼ੇਅਰ ਦਾਨ 'ਚ ਦੇਣ ਦਾ ਐਲਾਨ ਕੀਤਾ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਰਕਮ 23,000 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ।  
ਬਿਲ ਐਂਡ ਮੇਲਿੰਡਾ ਫਾਊਂਡੇਸ਼ਨ ਰਾਹੀਂ ਦਾਨ ਦੀ ਇਹ ਰਕਮ ਵਾਰੇਨ ਬਫੇ ਦੇ ਪਰਿਵਾਰ ਵੱਲੋਂ ਚਲਾਈਆਂ ਜਾਣ ਵਾਲੀਆਂ 4 ਚੈਰਿਟੀ ਸੰਸਥਾਵਾਂ ਨੂੰ ਜਾਂਦੀ ਹੈ। ਬਫੇ ਦੀ ਪਤਨੀ ਸੂਸਨ ਦੇ ਨਾਂ 'ਤੇ ਬਣਾਈ ਗਈ ਸੰਸਥਾ ਸਿੱਖਿਆ ਦੇ ਖੇਤਰ 'ਚ ਕੰਮ ਕਰਦੀ ਹੈ। ਇਸ ਤੋਂ ਇਲਾਵਾ ਬਫੇ ਦੀ ਧੀ ਸ਼ੇਰਵੁਡ ਫਾਊਂਡੇਸ਼ਨ ਨਾਂ ਦੀ ਸੰਸਥਾ ਚਲਾਉਂਦੀ ਹੈ, ਜਦੋਂ ਕਿ ਬਫੇ ਦਾ ਪੁੱਤਰ ਵੀ ਹਾਵਰਡ ਜੀ. ਬਫੇ ਨਾਂ ਦੀ ਇਕ ਸੰਸਥਾ ਚਲਾਉਂਦਾ ਹੈ, ਉਨ੍ਹਾਂ ਦੇ ਦੂਜੇ ਪੁੱਤਰ ਪੀਟਰ ਅਤੇ ਉਨ੍ਹਾਂ ਦੀ ਪਤਨੀ ਜੇਨੀਫਰ ਵੱਲੋਂ ਚਲਾਈ ਜਾਣ ਵਾਲੀ ਨੋਵੋ ਫਾਊਂਡੇਸ਼ਨ ਵੀ ਉਨ੍ਹਾਂ ਦੀ ਪਰਿਵਾਰਕ ਚੈਰਿਟੀ ਸੰਸਥਾ ਹੈ।  
ਬਫੇ ਹੁਣ ਤੱਕ ਇਨ੍ਹਾਂ ਚਾਰਾਂ ਫਾਊਂਡੇਸ਼ਨਾਂ ਨੂੰ 31 ਬਿਲੀਅਨ ਡਾਲਰ ਦਾ ਦਾਨ ਦੇ ਚੁੱਕੇ ਹਨ। ਭਾਰਤੀ ਕਰੰਸੀ 'ਚ ਇਹ ਰਕਮ 2 ਲੱਖ 12 ਹਜ਼ਾਰ ਕਰੋੜ ਰੁਪਏ ਬਣਦੀ ਹੈ। ਵਾਰੇਨ ਬਫੇ ਨੇ 2006 'ਚ ਬਰਕਸ਼ਾਇਰ ਦੇ ਆਪਣੇ ਸਾਰੇ ਸ਼ੇਅਰ ਦਾਨ 'ਚ ਦੇਣ ਦਾ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਹਰ ਸਾਲ ਹੌਲੀ-ਹੌਲੀ ਆਪਣੇ ਸਾਰੇ ਸ਼ੇਅਰ ਦਾਨ ਕਰ ਰਹੇ ਹਨ। ਇਸ 'ਚ ਬਫੇ ਹੋਰ ਧਨ ਕੁਬੇਰਾਂ ਨੂੰ ਵੀ ਆਪਣੀ ਜਾਇਦਾਦ ਸਮਾਜ ਭਲਾਈ ਦੇ ਕੰਮਾਂ 'ਚ ਲਾਉਣ ਲਈ ਪ੍ਰੇਰਿਤ ਕਰ ਰਹੇ ਹਨ।


Related News