ਡਬਲਯੂ. ਟੀ. ਓ. ਦੀ ਬੈਠਕ ’ਚ ਈ-ਕਾਮਰਸ ’ਤੇ ਕਸਟਮ ਪਾਬੰਦੀ, ਖੇਤੀ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

Thursday, May 11, 2023 - 09:19 AM (IST)

ਡਬਲਯੂ. ਟੀ. ਓ. ਦੀ ਬੈਠਕ ’ਚ ਈ-ਕਾਮਰਸ ’ਤੇ ਕਸਟਮ ਪਾਬੰਦੀ, ਖੇਤੀ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ (ਭਾਸ਼ਾ) - ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੀ ਪੈਰਿਸ ’ਚ ਹੋਣ ਵਾਲੀ ਬੈਠਕ ’ਚ ਈ-ਕਾਮਰਸ ਕਾਰੋਬਾਰ ’ਚ ਕਸਟਮ ’ਤੇ ਲੱਗੀ ਰੋਕ ਖ਼ਤਮ ਕਰਨ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਮੁੱਦੇ ਉੱਠਣ ਦੀ ਸੰਭਾਵਨਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 7 ਜੂਨ ਨੂੰ ਹੋਣ ਵਾਲੀ ਬੈਠਕ ’ਚ ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ ਸਮੇਤ ਕੁੱਝ ਦੇਸ਼ਾਂ ਦੇ ਵਪਾਰ ਮੰਤਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਡਬਲਯੂ. ਟੀ. ਓ. ਦੀ ਇਹ ਬੈਠਕ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਦੇ ਸੰਮੇਲਨ ਦੌਰਾਨ ਹੋ ਰਹੀ ਹੈ। ਇਹ ਮੰਤਰੀ ਪੱਧਰ ਦੀ ਬੈਠਕ ਡਬਲਯੂ. ਟੀ. ਓ. ਦੇ 13ਵੇਂ ਮੰਤਰੀ ਪੱਧਰ ਸੰਮੇਲਨ ਦੀਆਂ ਤਿਆਰੀਆਂ ਦੇ ਸਿਲਸਿਲੇ ’ਚ ਹੋ ਰਹੀ ਹੈ। ਇਹ ਸੰਮੇਲਨ ਅਗਲੇ ਸਾਲ ਫਰਵਰੀ ’ਚ ਸੰਯੁਕਤ ਅਰਬ ਅਮੀਰਾਤ ’ਚ ਹੋਵੇਗਾ। ਮੰਤਰੀ ਪੱਧਰ ਦੀ ਬੈਠਕ ਜਿਨੇਵਾ ਸਥਿਤ ਡਬਲਯੂ. ਟੀ. ਓ. ਦਾ ਫ਼ੈਸਲਾ ਲੈਣ ਵਾਲੀ ਸਰਵਉੱਚ ਸੰਸਥਾ ਹੈ। ਅਧਿਕਾਰੀ ਨੇ ਕਿਹਾ ਕਿ ਬੈਠਕ ’ਚ ਖੇਤੀਬਾੜੀ, ਈ-ਕਾਮਰਸ ਰਾਹੀਂ ਵਪਾਰ ’ਤੇ ਕਸਟਮ ਰੋਕ, ਕੋਵਿਡ ਨਾਲ ਸਬੰਧਤ ਦਵਾਈਆਂ ਅਤੇ ਹੋਰ ਉਪਕਰਣਾਂ ਲਈ ਪੇਟੈਂਟ ਛੋਟ ਵਰਗੇ ਮੁੱਦੇ ਉੱਠ ਸਕਦੇ ਹਨ।


author

rajwinder kaur

Content Editor

Related News