ਸਿੰਗਾਪੁਰ ਲਈ ਵਿਸਤਾਰਾ ਦੀ ਉਡਾਣ ਜਲਦ ਹੋਣ ਜਾ ਰਹੀ ਹੈ ਸ਼ੁਰੂ
Thursday, Jul 11, 2019 - 03:39 PM (IST)

ਨਵੀਂ ਦਿੱਲੀ— ਹੁਣ ਵਿਸਤਾਰਾ ਜਲਦ ਹੀ ਕੌਮਾਂਤਰੀ ਉਡਾਣ ਭਰਨ ਨੂੰ ਪੱਬਾਂ ਭਾਰ ਹੈ। ਦਿੱਲੀ ਤੇ ਮੁੰਬਈ ਤੋਂ ਵਿਸਤਾਰਾ ਕੰਪਨੀ ਸਿੰਗਾਪੁਰ ਲਈ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਦਿੱਲੀ-ਸਿੰਗਾਪੁਰ ਤੇ ਮੁੰਬਈ-ਸਿੰਗਾਪੁਰ ਦੇ ਰਾਊਂਡ ਟ੍ਰਿਪ ਦਾ ਕਿਰਾਇਆ 15,900 ਰੁਪਏ ਤੋਂ ਸ਼ੁਰੂ ਹੈ। ਇਸ ਦਾ ਫਾਇਦਾ ਲੈਣ ਲਈ ਤੁਸੀਂ ਹੁਣ ਤੋਂ ਹੀ ਬੁਕਿੰਗ ਕਰ ਸਕਦੇ ਹੋ।
ਦਿੱਲੀ-ਸਿੰਗਾਪੁਰ ਲਈ ਵਿਸਤਾਰਾ ਵੱਲੋਂ ਇਸ ਸਾਲ 6 ਅਗਸਤ ਨੂੰ ਫਲਾਈਟ ਸ਼ੁਰੂ ਕੀਤੀ ਜਾਵੇਗੀ, ਜਦੋਂ ਕਿ ਇਸ ਦੇ ਇਕ ਦਿਨ ਮਗਰੋਂ ਮੁੰਬਈ ਤੋਂ ਸਿੰਗਾਪੁਰ ਲਈ ਫਲਾਈਟ ਸ਼ੁਰੂ ਹੋ ਜਾਵੇਗੀ। ਦਿੱਲੀ ਤੋਂ ਫਲਾਈਟ ਰਵਾਨਾ ਹੋਣ ਦਾ ਸਮਾਂ ਰਾਤ 11.45 ਦਾ ਹੈ, ਜਦੋਂ ਕਿ ਮੁੰਬਈ ਤੋਂ ਫਲਾਈਟ 11.55 ਵਜੇ ਉਡਾਣ ਭਰੇਗੀ। ਕੰਪਨੀ ਨੇ ਕਿਹਾ ਕਿ ਉਸ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਹ ਪਹਿਲੀ ਕੌਮਾਂਤਰੀ ਉਡਾਣ ਸਿੰਗਾਪੁਰ ਲਈ ਸ਼ੁਰੂ ਕਰ ਰਹੀ ਹੈ। ਸਿੰਗਾਪੁਰ ਲਈ ਇਹ 2 ਉਡਾਣਾਂ ਹਫਤੇ 'ਚ ਰੋਜ਼ਾਨਾ ਉਪਲੱਬਧ ਹੋਣਗੀਆਂ।
ਵਿਸਤਾਰਾ ਨੇ ਕਿਹਾ ਕਿ ਉਹ ਜਲਦ ਹੀ ਹੋਰ ਕੌਮਾਂਤਰੀ ਮਾਰਗਾਂ ਲਈ ਵੀ ਨੈੱਟਵਰਕ ਦਾ ਵਿਸਥਾਰ ਕਰੇਗੀ। ਸਿੰਗਾਪੁਰ ਲਈ ਕੰਪਨੀ ਨੇ ਜੋ ਕਿਰਾਏ ਸ਼ੁਰੂ ਕੀਤੇ ਹਨ ਉਨ੍ਹਾਂ 'ਚ ਟੈਕਸ ਦੀ ਕੀਮਤ ਸ਼ਾਮਲ ਨਹੀਂ ਹੈ, ਯਾਨੀ ਬੁਕਿੰਗ ਕਰਦੇ ਵਕਤ ਕੀਮਤ ਵੱਧ ਹੋ ਸਕਦੀ ਹੈ, ਨਾਲ ਹੀ ਸੀਟਾਂ ਦੀ ਗਿਣਤੀ ਘਟਣ 'ਤੇ ਤੁਹਾਨੂੰ ਟਿਕਟ ਇਸ ਤੋਂ ਮਹਿੰਗੀ ਵੀ ਮਿਲ ਸਕਦੀ ਹੈ।