ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਇਕ ਮਹੀਨੇ ਦੀ ਮਿਲੀ ਹੋਰ ਰਾਹਤ

12/14/2019 11:07:43 PM

ਨਵੀਂ ਦਿੱਲੀ (ਇੰਟ.)-ਸਰਕਾਰ ਨੇ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਇਕ ਮਹੀਨੇ ਦੀ ਹੋਰ ਰਾਹਤ ਦੇ ਦਿੱਤੀ ਹੈ। ਇਸ ਵਾਰ ਫਾਸਟੈਗ ਲਾਗੂ ਕਰਨ ਦੀ ਸਮਾਂ-ਹੱਦ ਤਾਂ ਨਹੀਂ ਵਧਾਈ ਗਈ ਹੈ ਪਰ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਜ਼ਿਆਦਾ ਜਾਮ ਦਾ ਸਾਹਮਣਾ ਕਰਨ ਵਾਲੇ ਟੋਲ ਪਲਾਜ਼ਿਆਂ ’ਤੇ ਹਾਈਬ੍ਰਿਡ ਲੇਨ ਵਧਾਏ ਜਾਣ ਦੀ ਆਗਿਆ ਦਿੱਤੀ ਗਈ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੂੰ ਭੇਜੇ ਗਏ ਇਕ ਪੱਤਰ ’ਚ ਕਿਹਾ ਹੈ ਕਿ ਟੋਲ ਪਲਾਜ਼ਿਆਂ ’ਤੇ ਟ੍ਰੈਫਿਕ ਦੀ ਸਥਿਤੀ ਨੂੰ ਵੇਖਦਿਆਂ 25 ਫ਼ੀਸਦੀ ਤੋਂ ਜ਼ਿਆਦਾ ਫਾਸਟੈਗ ਲੇਨਜ਼ ਨੂੰ ਅਸਥਾਈ ਤੌਰ ’ਤੇ ਹਾਈਬ੍ਰਿਡ ਲੇਨਜ਼ ’ਚ ਨਹੀਂ ਬਦਲਿਆ ਜਾ ਸਕਦਾ ਹੈ।

ਮੰਤਰਾਲਾ ਨੇ ਐੱਨ. ਐੱਚ. ਏ. ਆਈ. ਨੂੰ ਅਜਿਹਾ ਕਰਨ ਦੀ ਸਹੂਲਤ ਸਿਰਫ ਇਕ ਮਹੀਨੇ ਲਈ ਦਿੱਤੀ ਹੈ। ਹਾਈਬ੍ਰਿਡ ਲੇਨ ’ਤੇ ਫਾਸਟੈਗ ਸਮੇਤ ਦੂਜੇ ਮਾਧਿਅਮ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ। ਮੰਤਰਾਲਾ ਦੇ ਇਸ ਫੈਸਲੇ ਨਾਲ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਹਾਈਬ੍ਰਿਡ ਲੇਨ ’ਤੇ ਲੱਗਣ ਵਾਲੇ ਜਾਮ ਤੋਂ ਮੁਕਤੀ ਮਿਲੇਗੀ। ਹਾਈਬ੍ਰਿਡ ਲੇਨ ਦੀ ਗਿਣਤੀ ਵਧਣ ਨਾਲ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਦੁੱਗਣੀ ਫੀਸ ਦੇਣ ਤੋਂ ਵੀ ਕੁਝ ਸਮੇਂ ਦੀ ਰਾਹਤ ਮਿਲ ਜਾਵੇਗੀ।

ਘੱਟ ਤੋਂ ਘੱਟ 75 ਫ਼ੀਸਦੀ ਲੇਨਜ਼ ਫਾਸਟੈਗ ਲਈ ਲਾਜ਼ਮੀ

ਇਕ ਰਿਪੋਰਟ ਮੁਤਾਬਕ ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ’ਚ ਟੋਲ ਪਲਾਜ਼ਿਆਂ ’ਤੇ ਘੱਟ ਤੋਂ ਘੱਟ 75 ਫ਼ੀਸਦੀ ਲੇਨਜ਼ ’ਤੇ ਟੋਲ ਦੀ ਵਸੂਲੀ ਯਕੀਨੀ ਰੂਪ ਨਾਲ ਇਲੈਕਟ੍ਰਾਨਿਕ ਮਾਧਿਅਮ ਨਾਲ ਹੋਣੀ ਚਾਹੀਦੀ ਹੈ। ਸਰਕਾਰ ਨੇ ਪਹਿਲਾਂ 1 ਦਸੰਬਰ ਤੋਂ ਸਾਰੇ ਨੈਸ਼ਨਲ ਹਾਈਵੇਜ਼ ’ਤੇ 100 ਫ਼ੀਸਦੀ ਫਾਸਟੈਗ ਲਾਜ਼ਮੀ ਕਰ ਦਿੱਤਾ ਸੀ। 29 ਨਵੰਬਰ ਨੂੰ ਸਰਕਾਰ ਨੇ ਇਸ ਸਮਾਂ-ਹੱਦ ਨੂੰ ਵਧਾ ਕੇ 15 ਦਸੰਬਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਟੋਲ ਪਲਾਜ਼ਿਆਂ ’ਤੇ ਇਕ ਲੇਨ ਨੂੰ ਹਾਈਬ੍ਰਿਡ ਰੱਖਣ ਦਾ ਹੁਕਮ ਦਿੱਤਾ ਸੀ। ਹੁਣ ਸਰਕਾਰ ਨੇ ਹਾਈਬ੍ਰਿਡ ਲੇਨਜ਼ ਦਾ ਅਨੁਪਾਤ ਵਧਾ ਕੇ ਵੱਧ ਤੋਂ ਵੱਧ 25 ਫ਼ੀਸਦੀ ਕਰ ਦਿੱਤਾ ਹੈ। ਯਾਨੀ ਜੇਕਰ 8 ਲੇਨਜ਼ ਹਨ ਤਾਂ ਜ਼ਰੂਰਤ ਪੈਣ ’ਤੇ ਵੱਧ ਤੋਂ ਵੱਧ 2 ਲੇਨਜ਼ ਨੂੰ ਹਾਈਬ੍ਰਿਡ ਬਣਾਇਆ ਜਾ ਸਕਦਾ ਹੈ। ਇਹ ਸਹੂਲਤ ਸਿਰਫ ਇਕ ਮਹੀਨੇ ਲਈ ਹੋਵੇਗੀ।


Karan Kumar

Content Editor

Related News