ਨਵੰਬਰ ''ਚ ਵਾਹਨਾਂ ਦੀ ਪ੍ਰਚੂਨ ਵਿਕਰੀ ਰਿਕਾਰਡ ਉੱਚ ਪੱਧਰ ''ਤੇ ਪਹੁੰਚੀ : ਫਾਡਾ
Friday, Dec 09, 2022 - 03:31 PM (IST)
ਨਵੀਂ ਦਿੱਲੀ- ਦੇਸ਼ 'ਚ ਵਾਹਨਾਂ ਦੀ ਪ੍ਰਚੂਨ ਵਿਕਰੀ 'ਚ ਨਵੰਬਰ ਮਹੀਨੇ 'ਚ ਜ਼ੋਰਦਾਰ ਉਛਾਲ ਆਇਆ ਹੈ ਅਤੇ ਯਾਤਰੀ, ਦੋਪਹੀਆ ਅਤੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਵਿਸ਼ੇਸ਼ ਤੇਜ਼ੀ ਰਹੀ ਹੈ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੰਬਰ 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 23,80,465 ਇਕਾਈ ਰਹੀ। ਇਹ ਨਵੰਬਰ 2021 ਦੇ 18,93,647 ਇਕਾਈਆਂ ਦੇ ਅੰਕੜਿਆਂ ਤੋਂ 26 ਫੀਸਦੀ ਜ਼ਿਆਦਾ ਹੈ।
ਫਾਡਾ ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਇੱਕ ਬਿਆਨ 'ਚ ਕਿਹਾ, “ਨਵੰਬਰ 2022 ਭਾਰਤੀ ਵਾਹਨ ਉਦਯੋਗ ਦੇ ਇਤਿਹਾਸ 'ਚ ਸਭ ਤੋਂ ਵੱਧ ਪ੍ਰਚੂਨ ਵਿਕਰੀ ਵਾਲਾ ਮਹੀਨਾ ਬਣ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 2020 ਇੱਕ ਅਪਵਾਦ ਸੀ ਜਦੋਂ ਪ੍ਰਚੂਨ ਵਿਕਰੀ ਬੀ.ਐੱਸ.4 ਦਾ ਸਥਾਨ ਬੀ.ਐੱਸ-6 ਦੁਆਰਾ ਲਏ ਜਾਣ ਕਾਰਨ ਵਧੀ ਸੀ। ਉਨ੍ਹਾਂ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੇ ਖਤਮ ਹੋਣ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ 'ਤੇ ਵਿਕਰੀ ਦੀ ਗਤੀ ਬਣੀ ਹੋਈ ਹੈ। ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 21 ਫੀਸਦੀ ਵਧ ਕੇ ਤਿੰਨ ਲੱਖ ਇਕਾਈ ਦੇ ਪਾਰ ਪਹੁੰਚ ਗਈ। ਇਸ ਦਾ ਕਾਰਨ ਮਾਡਲਾਂ ਦੀ ਬਿਹਤਰ ਉਪਲੱਬਧਤਾ, ਬਾਜ਼ਾਰ 'ਚ ਦਾਖਲ ਹੋਣ ਵਾਲੇ ਨਵੇਂ ਵਾਹਨਾਂ ਅਤੇ ਪੇਂਡੂ ਖੇਤਰਾਂ ਤੋਂ ਮੰਗ ਹੈ।
ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਨਵੰਬਰ 2021 'ਚ 2,48,052 ਇਕਾਈ ਦੇ ਮੁਕਾਬਲੇ 3,00,922 ਇਕਾਈ ਰਹੀ। ਇਸੇ ਤਰ੍ਹਾਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਪਿਛਲੇ ਮਹੀਨੇ 24 ਫੀਸਦੀ ਵਧ ਕੇ 18,47,708 ਇਕਾਈ ਹੋ ਗਈ। ਇਹ ਅੰਕੜਾ ਨਵੰਬਰ 2021 'ਚ 14,94,797 ਇਕਾਈ ਰਿਹਾ ਸੀ।
ਨਵੰਬਰ 'ਚ ਵਪਾਰਕ ਵਾਹਨਾਂ ਦੀ ਪ੍ਰਚੂਨ ਵਿਕਰੀ 33 ਫੀਸਦੀ ਵਧ ਕੇ 79,369 ਇਕਾਈ ਰਹੀ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 59,765 ਇਕਾਈ ਰਹੀ ਸੀ। ਨਵੰਬਰ 2022 'ਚ ਥ੍ਰੀ-ਵ੍ਹੀਲਰ ਅਤੇ ਟਰੈਕਟਰ ਦੀ ਵਿਕਰੀ 'ਚ ਕ੍ਰਮਵਾਰ 81 ਫੀਸਦੀ ਅਤੇ 57 ਫੀਸਦੀ ਦਾ ਉਛਾਲ ਆਇਆ ਹੈ।