ਤਿਉਹਾਰਾਂ ਤੋਂ ਪਹਿਲਾਂ ਤੇਲ, ਸਬਜ਼ੀ, ਦਾਲਾਂ ਦੇ ਮੁੱਲ ਨੇ ਵਿਗਾੜਿਆ ਰਸੋਈ ਦਾ ਬਜਟ
Sunday, Oct 11, 2020 - 10:12 PM (IST)
ਨਵੀਂ ਦਿੱਲੀ— ਤਿਉਹਾਰਾਂ ਤੋਂ ਪਹਿਲਾਂ ਦਾਲਾਂ, ਤੇਲ ਅਤੇ ਸਬਜ਼ੀ ਦੀ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦੀ ਜੇਬ ਢਿੱਲ ਕਰ ਦਿੱਤੀ ਹੈ। ਇਨ੍ਹਾਂ ਦੇ ਮੁੱਲ ਪਿਛਲੇ ਇਕ ਮਹੀਨੇ 'ਚ 10 ਤੋਂ 20 ਫੀਸਦੀ ਤੱਕ ਵੱਧ ਚੁੱਕੇ ਹਨ। 30 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ 50 ਤੋਂ 60 ਰੁਪਏ 'ਚ ਮਿਲ ਰਿਹਾ ਹੈ। ਟਮਾਟਰ 80 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਿਆ ਹੈ। ਆਲੂ 40 ਤੋਂ 50 ਰੁਪਏ 'ਚ ਵਿਕ ਰਿਹਾ ਹੈ, ਜੋ ਨਰਾਤਿਆਂ 'ਚ ਹੋਰ ਮਹਿੰਗੇ ਹੋ ਸਕਦੇ ਹਨ। ਇਸ ਮਹਿੰਗਾਈ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਲੋਕਾਂ ਦੀਆਂ ਦਿੱਕਤਾਂ 'ਚ ਵਾਧਾ ਹੋ ਰਿਹਾ ਹੈ। ਕਈ ਨੌਕਰੀਪੇਸ਼ਾ ਲੋਕਾਂ ਦੀ ਕੋਰੋਨਾ ਕਾਰਨ ਨੌਕਰੀ ਚਲੀ ਗਈ ਹੈ। ਉੱਥੇ ਹੀ ਦਾਲ, ਤੇਲ ਅਤੇ ਸਬਜ਼ੀ ਦੇ ਮੁੱਲ 'ਚ ਵਾਧਾ ਹੋਣ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਦਾਲਾਂ ਦੀ ਮਹਿੰਗਾਈ ਦੀ ਗੱਲ ਕਰੀਏ ਤਾਂ ਮੂੰਗ ਦਾਲ ਮੌਜੂਦਾ ਸਮੇਂ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜੋ ਪਹਿਲਾਂ 90 ਰੁਪਏ ਪ੍ਰਤੀ ਕਿਲੋ 'ਚ ਵਿਕ ਰਹੀ ਸੀ। ਉੱਥੇ ਹੀ, ਮਾਂਹ 120 ਰੁਪਏ ਪ੍ਰਤੀ ਕਿਲੋ 'ਚ ਵਿਕ ਰਹੇ ਹਨ, ਜੋ ਪਹਿਲਾਂ 100 ਰੁਪਏ ਤੱਕ ਸਨ। ਇਸ ਤੋਂ ਇਲਾਵਾ ਅਰਹਰ 95 ਰੁਪਏ ਤੋਂ ਵੱਧ ਕੇ 105 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਸਰ ਦਾਲ 80 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ, ਜੋ ਪਹਿਲਾਂ 75 ਰੁਪਏ ਪ੍ਰਤੀ ਕਿਲੋ ਸੀ। ਛੋਲੇ 110 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ, ਜੋ ਪਹਿਲਾਂ 100 ਰੁਪਏ ਪ੍ਰਤੀ ਕਿਲੋ ਸਨ। ਚਨਾ ਦਾਲ 80 ਰੁਪਏ ਪ੍ਰਤੀ ਕਿਲੋ 'ਚ ਵਿਕ ਰਹੀ ਹੈ, ਜੋ ਮਹੀਨਾ ਕੁ ਪਹਿਲਾਂ 70 ਰੁਪਏ ਕਿਲੋ ਸੀ। ਉੱਥੇ ਹੀ ਸਰ੍ਹੋਂ ਦਾ ਤੇਲ 125 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਚੁੱਕਾ ਹੈ, ਜੋ ਪਹਿਲਾਂ 110 ਰੁਪਏ ਪ੍ਰਤੀ ਲਿਟਰ ਸੀ। ਕੋਹਲੂ ਦੇ ਸਰ੍ਹੋਂ ਦਾ ਤੇਲ 150 ਤੋਂ 160 ਰੁਪਏ ਪ੍ਰਤੀ ਲਿਟਰ ਵਿਚਕਾਰ ਵਿਕ ਰਿਹਾ ਹੈ।