ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ, ਨਵੀਂ ਫਸਲ ਆਉਣ ਤੱਕ ਉੱਚੇ ਬਣੇ ਰਹਿਣਗੇ ਰੇਟ

10/06/2022 10:55:59 AM

ਬਿਜ਼ਨੈੱਸ ਡੈਸਕ–ਸਤੰਬਰ ਮਹੀਨੇ ਦੇ ਅਖੀਰ ’ਚ ਭਾਰੀ ਮੀਂਹ ਕਾਰਨ ਸਪਲਾਈ ਦੀ ਕਮੀ ਕਾਰਨ ਵਧੇ ਸਬਜ਼ੀਆਂ ਦੇ ਰੇਟ ਹੇਠਾਂ ਆਉਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਫੁੱਲਗੋਭੀ, ਗਾਜਰ, ਸ਼ਿਮਲਾ ਮਿਰਚ ਅਤੇ ਧਨੀਏ ਦੇ ਰੇਟ ਅਸਮਾਨ ਛੂਹ ਰਹੇ ਹਨ। ਹਾਲਾਂਕਿ ਪਿਆਜ਼, ਆਲੂ ਅਤੇ ਲਸਣ ਦੀਆਂ ਕੀਮਤਾਂ ’ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਵਪਾਰੀਆਂ ਅਤੇ ਵਿਕ੍ਰੇਤਾਵਾਂ ਨੇ ਸਬਜ਼ੀਆਂ ਦੀਆਂ ਵਧੇਰੇ ਕੀਮਤਾਂ ਲਈ ਮੱਧ ਭਾਰਤ ’ਚ ਵਧੇਰੇ ਮੀਂਹ ਕਾਰਨ ਘੱਟ ਸਪਲਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖਪਤਕਾਰ ਮਾਮਲੇ ਅਤੇ ਖੇਤੀਬਾੜੀ ਮੰਤਰਾਲਾ ਮੁਤਾਬਕ ਨਵੀਆਂ ਫਸਲਾਂ ਦੇ ਆਉਣ ਤੱਕ ਸਬਜ਼ੀਆਂ ਦੇ ਪ੍ਰਚੂਨ ਰੇਟ ਉੱਚੇ ਬਣੇ ਰਹਿਣਗੇ।
ਕਿੱਥੇ-ਕਿੱਥੇ ਪਹੁੰਚੇ ਸਬਜ਼ੀਆਂ ਦੇ ਰੇਟ
ਰਾਸ਼ਟਰੀ ਰਾਜਧਾਨੀ ਦੇ ਕਈ ਸਬਜ਼ੀ ਮੰਡੀਆਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਕੁੱਝ ਹਫਤਿਆਂ ’ਚ ਸਬਜ਼ੀਆਂ ਦੀਆਂ ਔਸਤ ਪ੍ਰਚੂਨ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਗਾਜਰ 100 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜਦ ਕਿ ਹਰਾ ਧਨੀਆ 300-400 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕ ਰਿਹਾ ਹੈ। ਲੌਕੀ ਕੁੱਝ ਦਿਨ ਪਹਿਲਾਂ ਦੇ 20-30 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਤੋਂ ਲਗਭਗ 55-60 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਹੈ। ਮੂਲੀ 60 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ, ਜਿਸ ਤੋਂ 2 ਹਫਤੇ ਪਹਿਲਾਂ ਰੇਟ 30 ਰੁਪਏ ਪ੍ਰਤੀ ਕਿਲੋ ਸੀ। ਸ਼ਿਮਲਾ ਮਿਰਚ 120-150 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਆਲੂ ਅਤੇ ਪਿਆਜ਼ ਦੇ ਪ੍ਰਚੂਨ ਰੇਟ 25-30 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਵਿਕ ਰਹੇ ਹਨ ਜਦ ਕਿ ਟਮਾਟਰ ਵੀ 35-40 ਰੁਪਏ ਕਿਲੋ ਵਿਕ ਰਿਹਾ ਹੈ। ਪਾਲਕ ਪਿਛਲੇ ਹਫਤੇ ਦੇ 60 ਰੁਪਏ ਪ੍ਰਤੀ ਕਿਲੋ ਤੋਂ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਲਸਣ 25-30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਨਿੰਬੂ ਦੇ ਰੇਟ 20 ਰੁਪਏ ਪ੍ਰਤ 250 ਗ੍ਰਾਮ ਤੋਂ ਵਧ ਕੇ 30 ਰੁਪਏ ਪ੍ਰਤੀ 250 ਗ੍ਰਾਮ ਹੋ ਗਏ ਹਨ।
ਆਨਲਾਈਨ ਸਟੋਰ ’ਚ ਵੀ ਕੀਮਤਾਂ ਅਸਮਾਨ ’ਤੇ
ਬਲਿੰਕੇਟ ਆਨਲਾਈਨ ਸਟੋਰ ’ਤੇ ਸਬਜ਼ੀਆਂ ਦੀਆਂ ਪ੍ਰਚੂਨ ਕੀਮਤਾਂ ਤੋਂ ਪਤਾ ਲੱਗਾ ਹੈ ਕਿ ਭਿੰਡੀ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਹੈ। ਇੱਥੇ ਫ੍ਰੈਂਚ ਬੀਨਸ 228 ਰੁਪਏ ਪ੍ਰਤੀ ਕਿਲੋ, ਖੀਰਾ 80 ਰੁੁਪਏ ਪ੍ਰਤੀ ਕਿਲੋ, ਲੌਕੀ 110 ਰੁਪਏ ਪ੍ਰਤੀ ਕਿਲੋ, ਗਾਜਰ 120 ਰੁਪਏ ਪ੍ਰਤੀ ਕਿਲੋ, ਹਰੀ ਸ਼ਿਮਲਾ ਮਿਰਚ 220 ਰੁਪਏ ਪ੍ਰਤੀ ਕਿਲੋ, ਲੌਕੀ 80 ਪ੍ਰਤੀ ਕਿਲੋ, ਬੈਂਗਣ 60 ਰੁਪਏ ਪ੍ਰਤੀ ਕਿਲੋ, ਗੋਲ ਲੌਕੀ (ਿਟੰਡਾ) 120 ਰੁਪਏ ਪ੍ਰਤੀ ਕਿਲੋ, ਮੂਲੀ 80 ਰੁਪਏ ਪ੍ਰਤੀ ਕਿਲੋਗ੍ਰਾਮ ਵੇਚੀ ਜਾ ਰਹੀ ਹੈ। ਇਸ ਤਰ੍ਹਾਂ ਬਿੱਗਬਾਸਕੇਟ ’ਚ ਗਾਜਰ (ਨਾਰੰਗੀ) ਦੀ ਪ੍ਰਚੂਨ ਕੀਮਤ 75 ਰੁਪਏ ਪ੍ਰਤੀ ਕਿਲੋ ਹੈ ਜਦ ਕਿ ਟਮਾਟਰ 39 ਰੁਪਏ ਪ੍ਰਤੀ ਕਿਲੋ, ਭਿੰਡੀ 50 ਰੁੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 86 ਰੁਪਏ ਪ੍ਰਤੀ ਕਿਲੋ, ਹਰਾ ਧਨੀਆ 120 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਪ੍ਰਤੀ ਕਿਲੋ, ਅਦਰਕ 1118 ਰੁਪਏ ਪ੍ਰਤੀ ਕਿਲੋ, ਮੂਲੀ 44 ਰੁਪਏ ਪ੍ਰਤੀ ਕਿਲੋਗ੍ਰਾਮ, ਡ੍ਰਮਸਟਿਕ 150 ਰੁਪਏ ਪ੍ਰਤੀ ਕਿਲੋਗ੍ਰਾਮ, ਬੈਂਗਣ 60 ਰੁਪਏ ਪ੍ਰਤੀ ਕਿਲੋ ਅਤੇ ਖੀਰਾ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਕੀ ਕਹਿੰਦੇ ਹਨ ਮੰਡੀਆਂ ਦੇ ਥੋਕ ਵਪਾਰੀ
ਗਾਜ਼ੀਪੁਰ ਸਬਜ਼ੀ ਅਤੇ ਫਲ ਮੰਡੀ ਦੇ ਥੋਕ ਵਿਕ੍ਰੇਤਾ ਨਸੀਬ ਸਿੰਘ ਅਨੁਸਾਰ ਮੁੱਖ ਅਤੇ ਵਪਾਰਕ ਕੇਂਦਰਾਂ ਵਿੱਚ ਅਸਾਧਾਰਨ ਭਾਰੀ ਮੀਂਹ ਨੇ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਢੋਆ-ਢੁਆਈ ਦੇ ਵੱਧ ਖਰਚੇ ਨੇ ਕੀਮਤਾਂ ਵਿਚ ਹੋਰ ਵਾਧਾ ਕੀਤਾ ਹੈ। ਮਾਨਸੂਨ ਜੋ ਜੂਨ ’ਚ ਲਗਭਗ 8 ਫੀਸਦੀ ਘੱਟ ਸੀ ਹੁਣ 7 ਫੀਸਦੀ ਵੱਧ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓਡਿਸ਼ਾ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਕਈ ਹਿੱਸਿਆਂ ’ਚ ਇਸ ਮੌਸਮ ’ਚ ਚੰਗਾ ਮੀਂਹ ਪਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਸਬਜ਼ੀਆਂ ਦੇ ਨਾਲ-ਨਾਲ ਹੋਰ ਸੂਬਿਆਂ ਤੋਂ ਮੰਗਵਾਈਆਂ ਗਈਆਂ ਸਬਜ਼ੀਆਂ ਦੇ ਸਟਾਕ ’ਚ ਜ਼ਿਕਰਯੋਗ ਕਮੀ ਆਈ ਹੈ। ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਪੰਜਾਬ ਅਤੇ ਬਿਹਾਰ ਫੁੱਲਗੋਭੀ ਦੇ ਪ੍ਰਮੁੱਖ ਉਤਪਾਦਕ ਹਨ, ਜਿਨ੍ਹਾਂ ਨੂੰ ਅਗਸਤ ਜਾਂ ਸਤੰਬਰ ਦੀ ਸ਼ੁਰੂਆਤ ’ਚ ਕੱਟਿਆ ਜਾਂਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News