ਰੂਸੀ ਤੇਲ ਦਰਾਮਦ ’ਤੇ ਅਮਰੀਕੀ ਪਾਬੰਦੀਆਂ ਦਾ ਭਾਰਤ ਦੀ ਤੇਲ ਸਪਲਾਈ ’ਤੇ ਦਿਸਣ ਲੱਗਾ ਅਸਰ
Thursday, Jan 23, 2025 - 09:18 PM (IST)
ਨਵੀਂ ਦਿੱਲੀ - ਰੂਸ ਦੇ ਤੇਲ ਖੇਤਰ ’ਤੇ ਲਾਈਆਂ ਗਈਆਂ ਵਿਆਪਕ ਅਮਰੀਕੀ ਪਾਬੰਦੀਆਂ ਨੇ ਭਾਰਤ ’ਚ ਕੱਚੇ ਤੇਲ ਦੀ ਸਪਲਾਈ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਤਕ ਖੇਤਰ ਦੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ ਕਿਹਾ ਹੈ ਕਿ ਮਾਰਚ ਦੀ ਸਪਲਾਈ ਲਈ ਲੋੜੀਂਦਾ ਕਾਰਗੋ ਉਪਲੱਬਧ ਨਹੀਂ ਹੈ। ਇਨ੍ਹਾਂ ਪਾਬੰਦੀਆਂ ਦਾ ਐਲਾਨ ਅਜਿਹੇ ਸਮੇਂ ’ਚ ਕੀਤਾ ਗਿਆ, ਜਦੋਂ ਭਾਰਤ ਦੀਆਂ ਤੇਲ ਰਿਫਾਈਨਿੰਗ ਕੰਪਨੀਆਂ ਮਾਰਚ ਦੇ ਕਾਰਗੋ ਲਈ ਗੱਲਬਾਤ ਸ਼ੁਰੂ ਕਰ ਰਹੀਆਂ ਸਨ।
ਅਮਰੀਕਾ ਨੇ 10 ਜਨਵਰੀ ਨੂੰ ਰੂਸੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਆਪਕ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ’ਚ ਰੂਸੀ ਤੇਲ ਉਤਪਾਦਕਾਂ ਗੈਜਪ੍ਰੋਮ ਨੈਫਟ ਅਤੇ ਸਰਗੁਟਨੈਫਟਗਾਸ ’ਤੇ ਪਾਬੰਦੀ, ਰੂਸੀ ਊਰਜਾ ਬਰਾਮਦ ’ਚ ਸ਼ਾਮਲ 183 ਜਹਾਜਾਂ ਨੂੰ ਕਾਲੀ ਸੂਚੀ ’ਚ ਪਾਉਣਾ ਅਤੇ ਦਰਜਨਾਂ ਤੇਲ ਵਪਾਰੀਆਂ, ਤੇਲ ਖੇਤਰ ਸੇਵਾਦਾਤਿਆਂ, ਟੈਂਕਰ ਮਾਲਕਾਂ ਅਤੇ ਪ੍ਰਬੰਧਕਾਂ, ਬੀਮਾ ਕੰਪਨੀਆਂ ਅਤੇ ਊਰਜਾ ਅਧਿਕਾਰੀਆਂ ’ਤੇ ਪਾਬੰਦੀ ਸ਼ਾਮਲ ਹੈ।
ਬੀ. ਪੀ. ਸੀ. ਐੱਲ. ਦਾ ਇਸ ’ਤੇ ਕੀ ਕਹਿਣਾ ਹੈ
ਬੀ. ਪੀ. ਸੀ. ਐੱਲ. ਦੇ ਨਿਰਦੇਸ਼ਕ (ਵਿੱਤ) ਵੀ. ਰਾਮਕ੍ਰਿਸ਼ਣ ਗੁਪਤਾ ਨੇ ਵਿਸ਼ਲੇਸ਼ਕਾਂ ਨਾਲ ਗੱਲਬਾਤ ’ਚ ਕਿਹਾ ਕਿ ਪਿਛਲੇ 2 ਮਹੀਨਿਆਂ ’ਚ ਜਨਵਰੀ ਅਤੇ ਫਰਵਰੀ ਲਈ ਰੂਸੀ ਤੇਲ ਦੀ ਬੁਕਿੰਗ ਕੀਤੀ ਗਈ ਸੀ ਪਰ ਮਾਰਚ ਦੀ ਸਪਲਾਈ ਲਈ ਲੋੜੀਂਦਾ ਕਾਰਗੋ ਨਹੀਂ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਸਪਲਾਈ ’ਚ ਰੂਸੀ ਤੇਲ ਦੀ ਹਿੱਸੇਦਾਰੀ ਅਕਤੂਬਰ-ਦਸੰਬਰ ਤਿਮਾਹੀ ਦੇ 31 ਫ਼ੀਸਦੀ ਤੋਂ ਘਟ ਕੇ ਮਾਰਚ ਤਿਮਾਹੀ ’ਚ 20 ਫ਼ੀਸਦੀ ਤੱਕ ਡਿੱਗਣ ਦਾ ਅੰਦਾਜ਼ਾ ਹੈ।
ਬਾਜ਼ਾਰ ’ਚ ਲੋੜੀਂਦਾ ਤੇਲ ਉਪਲੱਬਧ ਹੈ : ਬੀ. ਪੀ. ਸੀ. ਐੱਲ.
ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ’ਚ ਅਪ੍ਰੈਲ 2024 ’ਚ ਬੀ. ਪੀ. ਸੀ. ਐੱਲ. ਵੱਲੋਂ ਪ੍ਰੋਸੈਸਡ ਕੀਤੇ ਗਏ ਕੁੱਲ ਤੇਲ ’ਚ ਰੂਸੀ ਤੇਲ ਦੀ ਹਿੱਸੇਦਾਰੀ 34-35 ਫ਼ੀਸਦੀ ਸੀ। ਰੂਸ ਤੋਂ ਤੇਲ ਸਪਲਾਈ ਪ੍ਰਭਾਵਿਤ ਹੋਣ ਦੇ ਖਦਸ਼ੇ ਦਰਮਿਆਨ ਰਾਮਕ੍ਰਿਸ਼ਣ ਗੁਪਤਾ ਨੇ ਕਿਹਾ ਕਿ ਬਾਜ਼ਾਰ ’ਚ ਲੋੜੀਂਦਾ ਤੇਲ ਉਪਲੱਬਧ ਹੈ ਅਤੇ ਕੰਪਨੀ ਇਸ ਨੁਕਸਾਨ ਦੀ ਪੂਰਤੀ ਲਈ ਪੱਛਮ ਏਸ਼ੀਆਈ ਦੇਸ਼ਾਂ ਦਾ ਰੁਖ਼ ਕਰ ਸਕਦੀ ਹੈ।
ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਰੂਸੀ ਤੇਲ ਦਰਾਮਦ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਅਜਿਹੇ ’ਚ ਸਸਤੇ ਮੁੱਲ ’ਤੇ ਉਪਲੱਬਧ ਰੂਸੀ ਤੇਲ ਨੂੰ ਭਾਰਤੀ ਕੰਪਨੀਆਂ ਨੇ ਵੱਡੇ ਪੱਧਰ ’ਤੇ ਦਰਾਮਦ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਸਾਲਾਂ ’ਚ ਹੀ ਦੇਸ਼ ਦੀ ਕੁੱਲ ਤੇਲ ਖਰੀਦ ’ਚ ਰੂਸ ਦੀ ਹਿੱਸੇਦਾਰੀ ਲੱਗਭਗ 40 ਫ਼ੀਸਦੀ ਹੋ ਗਈ।