ਸਰਕਾਰ ਵੱਲੋਂ ਅਮਰੀਕੀ ਨਿਵੇਸ਼ਕਾਂ ਨੂੰ ਬਿਜਲੀ, ਸਵੱਛ ਊਰਜਾ ''ਚ ਨਿਵੇਸ਼ ਦਾ ਸੱਦਾ
Saturday, Aug 14, 2021 - 02:47 PM (IST)
ਨਵੀਂ ਦਿੱਲੀ- ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ਵਿਚ ਨਵਿਆਉਣਯੋਗ ਊਰਜਾ ਅਤੇ ਬਿਜਲੀ ਖੇਤਰ ਵਿਚ ਨਿਵੇਸ਼ ਦੇ ਮੌਕਿਆਂ ਦੀ ਖੋਜ ਕਰਨ ਦਾ ਸੱਦਾ ਦਿੱਤਾ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਅਮਰੀਕੀ ਨਿਵੇਸ਼ਕਾਂ ਨਾਲ ਗੱਲਬਾਤ ਦੌਰਾਨ ਸਿੰਘ ਨੇ ਉਨ੍ਹਾਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ ਦਿੱਤਾ।
ਉਨ੍ਹਾਂ ਕਾਰੋਬਾਰੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਇਸ ਖੇਤਰ ਵਿਚ ਭਾਰਤ ਦੀ ਪ੍ਰਾਪਤੀ ਬਾਰੇ ਵੀ ਚਾਨਣਾ ਪਾਇਆ। ਬਿਜਲੀ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ''ਬੈਠਕ ਨਾਲ ਕਾਰੋਬਾਰੀ ਭਾਈਚਾਰੇ ਨੂੰ ਭਾਰਤ ਵਿਚ ਨਵਿਆਉਣਯੋਗ ਊਰਜਾ ਤੇ ਬਿਜਲੀ ਖੇਤਰ ਦੇ ਵੱਖ-ਵੱਖ ਪਹਿਲੂਆਂ ਅਤੇ ਗਲੋਬਲ ਨਿਵੇਸ਼ਕਾਂ ਲਈ ਉਪਲਬਧ ਇਸ ਨਾਲ ਜੁੜੇ ਮੌਕਿਆਂ 'ਤੇ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ।''
ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ (ਯੂ. ਐੱਸ. ਆਈ. ਬੀ. ਸੀ.) ਦੇ ਮੈਂਬਰਾਂ ਨਾਲ ਸਿੰਘ ਦੀ ਬੈਠਕ ਦਾ ਵਿਸ਼ਾ 'ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣ ਲਈ ਸਵੱਛ, ਜ਼ਿਆਦਾ ਸਥਾਈ ਅਤੇ ਸਸਤੀ ਊਰਜਾ ਨੂੰ ਬੜ੍ਹਾਵਾ ਦੇਣਾ ਸੀ।' ਬਿਆਨ ਅਨੁਸਾਰ, ਸੂਚਨਾ ਤਕਨਾਲੋਜੀ, ਬੁਨਿਆਦੀ ਢਾਂਚਾ ਵਿਕਾਸਕਾਰ, ਨਵਿਆਉਣਯੋਗ ਊਰਜਾ ਉਤਪਾਦਕ, ਬੈਂਕਿੰਗ, ਹਵਾਬਾਜ਼ੀ ਸਮੇਤ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਦੇ 50 ਤੋਂ ਵੱਧ ਉਦਯੋਗਪਤੀਆਂ ਨੇ ਇਸ ਬੈਠਕ ਵਿਚ ਹਿੱਸਾ ਲਿਆ।