ਫੇਸਬੁੱਕ ਤੇ ਇੰਸਟਾਗਰਾਮ ਦੀ ਤਰ੍ਹਾਂ ਹੁਣ ਟਵਿਟਰ 'ਤੇ ਵੀ ਪਾ ਸਕੋਗੇ 'ਸਟੋਰੀ'
Wednesday, Jun 10, 2020 - 11:30 AM (IST)
ਨਵੀਂ ਦਿੱਲੀ (ਭਾਸ਼ਾ) : ਟਵਿਟਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਹੀ ਭਾਰਤ ਵਿਚ ਆਪਣਾ 'ਫਲੀਟਸ' ਫੀਚਰ ਸ਼ੁਰੂ ਕਰੇਗੀ। ਬ੍ਰਾਜ਼ੀਲ ਅਤੇ ਇਟਲੀ ਦੇ ਬਾਅਦ ਭਾਰਤ ਦੁਨੀਆ ਵਿਚ ਤੀਜਾ ਅਜਿਹਾ ਦੇਸ਼ ਹੋਵੇਗਾ ਜਿੱਥੇ ਕੰਪਨੀ ਆਪਣਾ ਇਹ ਫੀਚਰ ਪੇਸ਼ ਕਰੇਗੀ। ਟਵਿਟਰ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਉਪਭੋਗਤਾ ਅਜਿਹਾ ਕਨਟੈਂਟ ਸਾਂਝਾ ਕਰ ਸਕਣਗੇ ਜੋ 24 ਘੰਟਿਆਂ ਵਿਚ ਆਪਣੇ-ਆਪ ਗਾਇਬ ਹੋ ਜਾਵੇਗਾ। ਭਾਰਤ ਵਿਚ ਇਹ ਐਪਲ ਦੇ ਆਈ.ਓ.ਐਸ. ਅਤੇ ਗੂਗਲ ਦੇ ਐਂਡਰਾਇਡ ਉਪਭੋਗਤਾ ਦੋਵਾਂ ਲਈ ਉਪਲੱਬਧ ਹੋਵੇਗਾ।ਇਹ ਫੇਸਬੁੱਕ ਅਤੇ ਇੰਸਟਾਗਰਾਮ ਦੇ 'ਸਟੋਰੀ' ਫੀਚਰ ਦੀ ਤਰ੍ਹਾਂ ਹੀ ਹੋਵੇਗਾ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਫਲੀਟਸ ਨੂੰ ਰੀਟਵੀਟ ਨਹੀਂ ਕੀਤਾ ਜਾ ਸਕੇਗਾ। ਨਾ ਹੀ ਇਸ 'ਤੇ ਲਾਈਕ ਜਾਂ ਜਨਤਕ ਟਿੱਪਣੀਆਂ ਕੀਤੀਆਂ ਜਾ ਸਕਣਗੀਆਂ। ਜੇਕਰ ਕੋਈ ਇਸ ਤਰ੍ਹਾਂ ਦੇ ਸੰਦੇਸ਼ਾਂ 'ਤੇ ਪ੍ਰਤੀਕਿਰਿਆ ਦੇਣਾ ਵੀ ਚਾਹੁੰਦਾ ਹੈ ਤਾਂ ਉਹ ਉਪਭੋਗਤਾ ਨੂੰ ਸਿੱਧੇ ਇਨਬਾਕਸ ਵਿਚ ਸੁਨੇਹਾ ਭੇਜ ਕੇ ਗੱਲਬਾਤ ਜਾਰੀ ਰੱਖ ਸਕਦਾ ਹੈ। ਕੰਪਨੀ ਮੁਤਾਬਕ ਲੋਕਾਂ ਨੂੰ ਕਿਸੇ ਫਲੀਟ ਦੇ ਭਾਈਚਾਰਕ ਨਿਯਮਾਂ ਦੇ ਸਮਾਨ ਨਾ ਹੋਣ 'ਤੇ ਸ਼ਿਕਾਇਤ ਕਰਨ ਦੀ ਸਹੂਲਤ ਵੀ ਮਿਲੇਗੀ।