ਡੋਨਾਲਡ ਟਰੰਪ ਨੇ ਚੀਨ ਨੂੰ ਟੈਰਿਫ ''ਚ 15 ਦਿਨ ਲਈ ਦਿੱਤੀ ਰਾਹਤ

09/12/2019 12:26:53 PM

ਵਾਸ਼ਿੰਗਟਨ—  ਯੂ. ਐੱਸ.-ਚੀਨ ਵਿਚਕਾਰ ਚੱਲ ਰਹੇ ਵਪਾਰ ਯੁੱਧ ਨੂੰ ਲੈ ਕੇ ਦੋਹਾਂ ਮੁਲਕਾਂ ਨੇ ਵਿਵਾਦ ਨੂੰ ਘਟਾਉਣ ਲਈ ਇਕ ਮਹੱਤਵਪੂਰਨ ਫੈਸਲਾ ਕੀਤਾ ਹੈ। ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਕਤੂਬਰ ਤੋਂ 250 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਲੱਗਣ ਵਾਲਾ ਟੈਰਿਫ 15 ਅਕਤੂਬਰ ਤੱਕ ਲਈ ਟਾਲ ਦਿੱਤਾ ਹੈ। ਉੱਥੇ ਹੀ, ਚੀਨ ਨੇ ਪਿਛਲੇ ਸਾਲ ਲਗਾਏ ਟੈਰਿਫ ਤੋਂ ਕਈ ਅਮਰੀਕੀ ਸਮਾਨਾਂ ਨੂੰ ਵਾਧੂ ਡਿਊਟੀ 'ਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਯੂ. ਐੱਸ. 15 ਅਕਤੂਬਰ ਤੋਂ 250 ਅਰਬ ਡਾਲਰ ਦੇ ਇੰਪੋਰਟਡ ਚੀਨੀ ਸਮਾਨਾਂ 'ਤੇ ਟੈਰਿਫ ਡਿਊਟੀ 5 ਫੀਸਦੀ ਵਧਾ ਕੇ 30 ਫੀਸਦੀ ਕਰ ਸਕਦਾ ਹੈ।




ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਉਪ ਪ੍ਰਧਾਨ ਮੰਤਰੀ ਦੀ ਬੇਨਤੀ 'ਤੇ ਟੈਰਿਫ ਲਾਉਣ ਦੀ ਨਿਰਧਾਰਤ ਤਰੀਕ ਟਾਲੀ ਗਈ ਹੈ ਕਿਉਂਕਿ ਪਹਿਲੀ ਅਕਤੂਬਰ ਨੂੰ ਪੀਪੁਲਸ ਰਿਪਬਲਿਕ ਆਫ ਚਾਈਨਾ ਆਪਣੀ 70ਵੀਂ ਵਰ੍ਹੇਗੰਢ ਮਨਾਏਗਾ।
ਬਾਜ਼ਾਰ ਮਾਹਰਾਂ ਨੇ ਹਾਲਾਂਕਿ, ਦੋਹਾਂ ਦੇਸ਼ਾਂ ਦਰਮਿਆਨ ਇਸ ਤਰ੍ਹਾਂ ਦੇ ਕਦਮਾਂ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਦੋਹਾਂ ਪੱਖਾਂ ਵਿਚਕਾਰ ਜਲਦ ਕੋਈ ਸਮਝੌਤਾ ਹੋਣਾ ਮੁਸ਼ਕਲ ਹੈ।
ਜ਼ਿਕਰਯੋਗ ਹੈ ਕਿ ਯੂ. ਐੱਸ.-ਚੀਨ ਵਿਚਕਾਰ ਪਿਛਲੇ ਸਾਲ ਤੋਂ ਵਪਾਰ ਯੁੱਧ ਜਾਰੀ ਹੈ। ਹਾਲ ਹੀ 'ਚ ਟਰੰਪ ਨੇ 112 ਅਰਬ ਡਾਲਰ ਦੇ ਚਾਈਨਿਜ਼ ਇੰਪੋਰਟਡ ਮਾਲ 'ਤੇ 15 ਫੀਸਦੀ ਵਾਧੂ ਡਿਊਟੀ ਲਗਾਈ ਹੈ। ਇਸ ਤੋਂ ਇਲਾਵਾ ਪਹਿਲੀ ਅਕਤੂਬਰ ਤੋਂ 250 ਅਰਬ ਡਾਲਰ ਦੇ ਚੀਨੀ ਮਾਲ 'ਤੇ 5 ਫੀਸਦੀ ਡਿਊਟੀ ਹੋਰ ਵਧਣ ਵਾਲੀ ਸੀ, ਜਿਨ੍ਹਾਂ 'ਤੇ ਪਿਛਲੇ ਸਾਲ 25 ਫੀਸਦੀ ਡਿਊਟੀ ਲਗਾਈ ਸੀ।


Related News