Airtel ਤੇ Voda-Idea ਨੂੰ ਹੋਇਆ ਵੱਡਾ ਨੁਕਸਾਨ, Jio ਦੀ ਬੱਲੇ-ਬੱਲੇ
Friday, Aug 28, 2020 - 10:22 AM (IST)
ਗੈਜੇਟ ਡੈਸਕ– ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਮਈ ਮਹੀਨੇ ’ਚ ਵੀ ਕੁਝ ਅਜਿਹੀ ਹੀ ਸਥਿਤੀ ਜਾਰੀ ਹੈ ਜਿਸ ਵਿਚ ਕੁਲ ਮਿਲਾ ਕੇ 56.11 ਲੱਖ ਵਾਇਰਲੈੱਸ ਸਬਸਕ੍ਰਾਈਬਰ ਘੱਟ ਹੋ ਗਏ ਹਨ। ਉਥੇ ਹੀ ਦੂਜੇ ਪਾਸੇ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਵੀਂ ਰਿਪੋਰਟ ਮੁਤਾਬਕ, ਜਿਓ ਨੇ 36.577 ਲੱਖ ਤੋਂ ਵੀ ਜ਼ਿਆਦਾ ਨਵੇਂ ਗਾਹਕ ਆਪਣੇ ਨਾਲ ਜੋੜੇ ਹਨ। ਹੈਰਾਨੀ ਦੀ ਗੱਲ ਹੈ ਕਿ ਜਿਓ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨਾਲ ਵੀ ਵਾਇਰਲੈੱਸ ਗਾਹਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਬੀ.ਐੱਸ.ਐੱਨ.ਐੱਲ. ਦੇ ਨਾਲ 2 ਲੱਖ ਨਵੇਂ ਗਾਹਕ ਜੁੜੇ ਹਨ। ਟਰਾਈ ਦੇ ਲੇਟੈਸਟ ਟੈਲੀਕਾਮ ਸਬਸਕ੍ਰਿਪਸਨ ਡਾਟਾ ’ਚ ਇਹ ਖੁਲਾਸੇ ਹੋਏ ਹਨ। ਇਸ ਡਾਟਾ ਮੁਤਾਬਕ, ਅਪ੍ਰੈਲ ਦੇ ਅਖੀਰ ਤਕ ਵਾਇਰਲੈੱਸ ਸਬਸਕ੍ਰਾਈਬਰਾਂ ਦੀ ਗਿਣਤੀ ’ਚ ਕੁਲ ਮਿਲਾ ਕੇ 114.952 ਕਰੋੜ ਦੀ ਕਮੀ ਆਈ ਸੀ, ਹਾਲਾਂਕਿ ਮਈ ’ਚ ਇਹ ਅੰਕੜਾ 114.391 ਕਰੋੜ ਦਾ ਹੈ।
ਟਰਾਈ ਦੀ ਰਿਪੋਰਟ ਮੁਤਾਬਕ, ਮਈ ਮਹੀਨੇ ’ਚ ਏਅਰਟੈੱਲ ਨੂੰ 47.428 ਲੱਖ ਗਾਹਕਾਂ ਦਾ ਘਾਟਾ ਹੋਇਆ ਹੈ ਜਦਕਿ ਵੋਡਾਫੋਨ-ਆਈਡੀਆ ਨੇ 47.263 ਲੱਖ ਗਾਹਕ ਗੁਆਏ ਹਨ। ਇਸ ਲਿਹਾਜ਼ ਨਾਲ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਕੁਲ ਮਿਲਾ ਕੇ 94 ਲੱਖ ਤੋਂ ਵੀ ਜ਼ਿਆਦਾ ਗਾਹਕ ਸਿਰਫ ਇਕ ਮਹੀਨੇ ’ਚ ਹੀ ਗੁਆ ਦਿੱਤੇ ਹਨ। ਦੋਵਾਂ ਟੈਲੀਕਾਮ ਕੰਪਨੀਆਂ ਨੂੰ ਅਪ੍ਰੈਲ ਮਹੀਨੇ ’ਚ ਹੋਏ ਨੁਕਸਾਨ ਦੇ ਮੁਕਾਬਲੇ ਇਸ ਮਹੀਨੇ ਜ਼ਿਆਦਾ ਨੁਕਸਾਨ ਝੱਲਣਾ ਪਿਆ ਹੈ। ਅਪ੍ਰੈਲ ’ਚ 75 ਲੱਖ ਵਾਇਰਲੈੱਸ ਗਾਹਕ ਘੱਟ ਹੋਏ ਸਨ ਪਰ ਇਸ ਵਾਰ ਅੰਕੜਾ 94 ਲੱਖ ਦਾ ਹੈ। ਜਦੋਂ ਤੋਂ ਰਿਲਾਇੰਸ ਜਿਓ ਨੇ ਟੈਲੀਕਾਮ ਸੈਕਟਰ ’ਚ ਕਦਮ ਰੱਖਿਆ ਹੈ ਉਦੋਂ ਤੋਂ ਹੀ ਇਹ ਦੋਵੇਂ ਕੰਪਨੀਆਂ ਲਗਾਤਾਰ ਆਪਣੇ ਮਾਰਕੀਟ ਸ਼ੇਅਰ ਗੁਆਉਂਦੀਆਂ ਜਾ ਰਹੀਆਂ ਹਨ। ਜਿਵੇਂ ਕਿ ਅਸੀਂ ਦੱਸਿਆ ਹੈ ਕਿ ਜਿਸ ਮਹੀਨੇ ’ਚ ਏਅਰਟੈੱਲ ਅਤੇ ਵੋਡਾਫੋਨ ਨੂੰ ਸਬਸਕ੍ਰਾਈਬਰਾਂ ਦਾ ਨੁਕਸਾਨ ਹੋਇਆ ਹੈ, ਉਸੇ ਮਹੀਨੇ ਰਿਲਾਇੰਸ ਜਿਓ ਨੇ 36.577 ਲੱਖ ਗਾਹਕਾਂ ਨੂੰ ਆਪਣੇ ਨਾਲ ਜੋੜਿਆ ਹੈ। ਜਿਓ ਦੇ ਨਾਲ ਹੀ ਬੀ.ਐੱਸ.ਐੱਨ.ਐੱਲ. ਨੇ ਵੀ ਮਈ ਮਹੀਨੇ ’ਚ 2.015 ਲੱਖ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।