ਬਿਨਾਂ ਹੋਰ ਬਾਕਸ ਖਰੀਦੇ ਬਦਲ ਸਕੋਗੇ DTH ਕੰਪਨੀ, ਜਲਦ ਲਾਗੂ ਹੋਵੇਗਾ ਨਿਯਮ
Sunday, Apr 12, 2020 - 03:48 PM (IST)

ਨਵੀਂ ਦਿੱਲੀ : ਜਲਦ ਹੀ ਬਾਜ਼ਾਰ ਵਿਚ ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਨਵੇਂ ਸੈੱਟ-ਟਾਪ ਬਾਕਸ ਲਾਂਚ ਹੋਣ ਜਾ ਰਹੇ ਹਨ, ਜਿਸ ਨਾਲ ਤੁਹਾਨੂੰ ਡੀ. ਟੀ. ਐੱਚ. ਓਪਰੇਟਰ ਬਦਲਣ 'ਤੇ ਬਾਕਸ ਨਹੀਂ ਬਦਲਣਾ ਪਵੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਸ਼ਨੀਵਾਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੂੰ ਇਸ ਦੀ ਸਿਫਾਰਸ਼ ਕੀਤੀ।
ਟਰਾਈ ਦੀ ਇਹ ਸਿਫਾਰਸ਼ ਲਾਗੂ ਹੋਈ ਤਾਂ ਗਾਹਕਾਂ ਨੂੰ ਡੀ. ਟੀ. ਐੱਚ. ਓਪਰੇਟਰ ਬਦਲਣ 'ਤੇ ਸੈੱਟ-ਟਾਪ ਬਾਕਸ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਤੱਕ ਗਾਹਕਾਂ ਨੂੰ ਡੀ. ਟੀ. ਐੱਚ. ਓਪਰੇਟਰ ਬਦਲਣ 'ਤੇ ਬਾਕਸ ਵੀ ਬਦਲਣਾ ਪੈਂਦਾ ਹੈ ਪਰ ਜਲਦ ਹੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਹਾਲਾਂਕਿ, ਇਸ ਫੈਸਲੇ ਦਾ ਜ਼ਿਆਦਾਤਰ ਡੀ. ਟੀ. ਐੱਚ. ਓਪਰੇਟਰਾਂ ਨੇ ਵਿਰੋਧ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਲਾਕਡਾਊਨ ਖਤਮ ਹੋਣ 'ਤੇ ਇਨ੍ਹਾਂ ਨਿਯਮਾਂ ਨੂੰ ਲਾਜ਼ਮੀ ਕੀਤਾ ਜਾ ਸਕਦਾ ਹੈ।
ਨਿਯਮ ਲਾਗੂ ਹੋਣ 'ਤੇ ਸੈੱਟ-ਟਾਪ ਬਾਕਸ ਮਹਿੰਗੇ ਹੋਣਗੇ। ਫਿਲਹਾਲ ਇਸ ਦੀ ਸਿਫਾਰਸ਼ ਕੀਤੀ ਗਈ ਹੈ, ਇਹ ਨਹੀਂ ਪਤਾ ਕਿ ਇਹ ਨਿਯਮ ਕਦੋਂ ਤੱਕ ਲਾਗੂ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਟਰਾਈ ਨੇ ਸਾਰੇ ਟੈਲੀਵਿਜ਼ਨ ਸੈੱਟਾਂ ਲਈ ਇਕੋ-ਜਿਹੇ ਯੂ. ਐੱਸ. ਬੀ. ਪੋਰਟ ਇੰਟਰਫੇਸ ਨੂੰ ਵੀ ਜ਼ਰੂਰੀ ਕਰਨ ਦੀ ਵਕਾਲਤ ਕੀਤੀ ਹੈ।