ਛੋਟੇ ਵਿਕ੍ਰੇਤਾਵਾਂ ਨੂੰ ਆਨਲਾਈਨ ਮਾਲ ਵੇਚਣ ਦੇ ਫੈਸਲੇ ਤੋਂ ਵਪਾਰੀ ਖੁਸ਼
Sunday, Dec 18, 2022 - 09:58 AM (IST)
ਨਵੀਂ ਦਿੱਲੀ– ਦੇਸ਼ ਭਰ ਦੇ ਛੋਟੇ ਵਿਕ੍ਰੇਤਾ ਜੋ ਈ-ਕਾਮਰਸ ਪੋਰਟਲ ’ਤੇ ਰਜਿਸਟਰਡ ਨਹੀਂ ਹਨ, ਹੁਣ ਉਹ ਵੀ ਆਨਲਾਈਨ ਆਪਣਾ ਮਾਲ ਵੇਚ ਸਕਣਗੇ। ਈ-ਕਾਮਰਸ ਦੇ ਮਾਧਿਅਮ ਰਾਹੀਂ ਆਪਣਾ ਮਾਲ ਵੇਚਣ ਦੀ ਇਜਾਜ਼ਤ ਦੇਣ ਦੇ ਜੀ. ਐੱਸ. ਟੀ. ਕੌਂਸਲ ਦੇ ਫੈਸਲੇ ਨੂੰ ਇਕ ਵੱਡਾ ਕਦਮ ਦੱਸਦੇ ਹੋਏ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਅੱਜ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਕੈਟ ਨੇ ਕਿਹਾ ਕਿ ਇਹ ਇਕ ਪ੍ਰਗਤੀਸ਼ੀਲ ਫੈਸਲਾ ਹੈ, ਜਿਸ ਦੀ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਹ ਫੈਸਲਾ ਛੋਟੇ ਵਪਾਰੀਆਂ ਨੂੰ ਈ-ਕਾਮਰਸ ਦੇ ਮਾਧਿਅਮ ਰਾਹੀਂ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਮਜ਼ਬੂਤ ਬਣਾਏਗਾ ਅਤੇ ਪੀ. ਐੱਮ. ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਨੂੰ ਵੀ ਦੇਸ਼ ਭਰ ’ਚ ਮਜ਼ਬੂਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ 8 ਕਰੋੜ ਤੋਂ ਵੱਧ ਛੋਟੇ ਵਪਾਰੀ ਹਨ ਪਰ ਵੱਡੀ ਗਿਣਤੀ ’ਚ ਵਪਾਰੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਤੋਂ ਬਿਨਾਂ ਕਾਰੋਬਾਰੀ ਗਤੀਵਿਧੀਆਂ ਦਾ ਸੰਚਾਲਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਾਲਾਨਾ ਵਿਕਰੀ ਜੀ. ਐੱਸ. ਟੀ. ਲਿਮਿਟ ਤੋਂ ਬੇਹੱਦ ਘੱਟ ਹੈ। ਅਜਿਹੇ ਵਾਪਰੀ ਹੁਣ ਈ-ਕਾਮਰਸ ’ਤੇ ਵਪਾਰ ਕਰ ਸਕਣਗੇ ਜੋ ਇਕ ਬਹੁਤ ਵੱਡੀ ਗੱਲ ਹੈ।
ਭਰਤੀਆ ਅਤੇ ਖੰਡੇਲਵਾਲ ਦੋਵਾਂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਈ-ਕਾਮਰਸ ਹੱਬ ਵਜੋਂ ਉੱਭਰ ਰਿਹਾ ਹੈ ਅਤੇ ਆਨਲਾਈਨ ਕਾਰੋਬਾਰ ’ਚ ਜ਼ਬਰਦਸਤ ਵਾਧਾ ਹੋ ਰਿਹਾ ਹੈ। ਭਾਰਤ ’ਚ ਈ-ਕਾਮਰਸ ਕਾਰੋਬਾਰ ਹੁਣ ਕੁੱਲ ਪ੍ਰਚੂਨ ਦਾ ਲਗਭਗ 10 ਫੀਸਦੀ ਅਤੇ ਕੱਪੜਾ ਅਤੇ ਇਲੈਕਟ੍ਰਾਨਿਕਸ ਵਰਗੇ ਕੁੱਝ ਖੇਤਰਾਂ ਦਾ ਲਗਭਗ 25-50 ਫੀਸਦੀ ਹੈ। ਅਜਿਹੇ ’ਚ ਇਹ ਜ਼ਰੂਰੀ ਸੀ ਕਿ ਛੋਟੇ ਵੈਂਡਰ ਜਿਨ੍ਹਾਂ ਦਾ ਟਰਨਓਵਰ ਛੋਟਾ ਹੈ ਅਤੇ ਜੀ. ਐੱਸ. ਟੀ. ਦੇ ਘੇਰੇ ’ਚ ਨਹੀਂ ਆਉਂਦੇ ਹਨ, ਉਹ ਆਨਲਾਈਨ ਕਾਰੋਬਾਰ ਕਰਨ ’ਚ ਸਮਰੱਥ ਨਹੀਂ ਸਨ, ਜਿਸ ਨਾਲ ਬਾਜ਼ਾਰ ਅਤੇ ਵਪਾਰ ਦੇ ਮੌਕਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ।