ਟ੍ਰੇਡ ਵਾਰ : ਐਪਲ-ਐਮਾਜ਼ੋਨ ਦਾ ਕਾਰੋਬਾਰ ਚੀਨ ਤੋਂ ਆਵੇਗਾ ਭਾਰਤ, ਵਧੀਆਂ ਉਮੀਦਾਂ
Saturday, Aug 31, 2019 - 12:22 PM (IST)
ਵਾਸ਼ਿੰਗਟਨ — ਪਿਛਲੇ ਸਾਲ ਤੋਂ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰ ਜੰਗ (ਟ੍ਰੇਡ ਵਾਰ) ਕਾਰਣ ਭਾਰਤ ਲਈ ਉਮੀਦਾਂ ਵਧੀਆਂ ਹਨ। ਇਸ ਵਿਵਾਦ ਕਾਰਣ ਫਿਲਹਾਲ ਚੀਨ ’ਚ ਕੰਮ ਕਰ ਰਹੀਆਂ ਅਮਰੀਕੀ ਕੰਪਨੀਆਂ ਭਾਰਤ ਨੂੰ ਆਪਣੇ ਲਈ ਜ਼ਿਆਦਾ ਅਨੁਕੂਲ ਮੰਨ ਰਹੀਆਂ ਹਨ, ਇਸ ਲਈ ਹੁਣ ਤਾਇਵਾਨ ਦੀ ਕੰਪਨੀ ਫਾਕਸਕਾਨ ਨੇ ਆਪਣਾ ਕਾਰੋਬਾਰ ਭਾਰਤ ’ਚ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਐਪਲ ਆਈਫੋਨ ਅਤੇ ਐਮਾਜ਼ੋਨ ਈਕੋ ਦਾ ਉਤਪਾਦਨ ਹੁਣ ਚੀਨ ਤੋਂ ਭਾਰਤ ਤਬਦੀਲ ਹੋ ਰਿਹਾ ਹੈ।
ਫਾਕਸਕਾਨ ਨੂੰ ਹਾਨ ਹਾਈ ਪ੍ਰਿਸੀਸਨ ਇੰਡਸਟਰੀ ਕੰਪਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕੰਪਨੀ ਨੇ 4 ਸਾਲ ਪਹਿਲਾਂ ਭਾਰਤ ’ਚ ਆਪਣੀ ਫੈਕਟਰੀ ਲਾਈ ਸੀ। ਇਸ ’ਚ ਅਜੇ 2 ਅਸੈਂਬਲੀ ਪਲਾਂਟ ਚੱਲ ਰਹੇ ਹਨ। ਹੁਣ 2 ਹੋਰ ਪਲਾਂਟ ਖੋਲ੍ਹਣ ਦੀ ਯੋਜਨਾ ਹੈ। ਪਿਛਲੇ ਸਾਲ ਵਪਾਰ ਜੰਗ ਕਾਰਣ ਡੋਨਾਲਡ ਟਰੰਪ ਨੇ ਚੀਨ ਦੇ ਹਜ਼ਾਰਾਂ ਉਤਪਾਦਾਂ ’ਤੇ ਟੈਰਿਫ ਵਧਾ ਦਿੱਤਾ ਸੀ। ਇਸ ’ਚ ਗੈਜੇਟ ਬਣਾਉਣ ਵਾਲੀ ਫਾਕਸਕਾਨ ਵੱਲੋਂ ਨਿਰਮਿਤ ਆਈਫੋਨ, ਐਮਾਜ਼ੋਨ ਈਕੋ ਸਪੀਕਰ ਆਦਿ ਸ਼ਾਮਲ ਹਨ।
ਇਸ ਵਿਚਾਲੇ ਚੀਨ ’ਚ ਕੰਮ ਕਰ ਰਹੀਆਂ ਅਮਰੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੀਨੀ ਨਿਰਮਾਤਾਵਾਂ ਵੱਲੋਂ ਅਣਉੱਚਿਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਜਾਰੀ ਯੂ. ਐੱਸ.-ਚੀਨ ਵਪਾਰ ਕੌਂਸਲ ਦੀ ਸਾਲਾਨਾ ਰਿਪੋਰਟ ਮੁਤਾਬਕ 81 ਫੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਹੈ, ਜਦੋਂਕਿ ਪਿਛਲੇ ਸਾਲ ਇਹ ਅੰਕੜਾ 73 ਫੀਸਦੀ ਸੀ।
