ਟਮਾਟਰ ਹੋਇਆ ਲਾਲ, ਕਿੱਲਤ ਬਣੀ ਰਹੇਗੀ
Thursday, Jun 29, 2017 - 12:26 AM (IST)

ਨਵੀਂ ਦਿੱਲੀ — ਤੇਜ਼ ਗਰਮੀ ਦਾ ਅਸਰ ਟਮਾਟਰ 'ਤੇ ਪੈਣ ਲੱਗਾ ਹੈ ਅਤੇ ਇਸ ਦੀ ਕੀਮਤ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਈ ਹੈ। ਰਾਜਧਾਨੀ ਦਿੱਲੀ ਦੇ ਕੁਝ ਇਲਾਕਿਆਂ 'ਚ ਬੁੱਧਵਾਰ ਨੂੰ ਇਸ ਦਾ ਰਿਟੇਲ ਮੁੱਲ ਇਕ ਸੌ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਅਤੇ ਨੇੜਲੇ ਭਵਿੱਖ 'ਚ ਇਸ ਭਾਅ 'ਚ ਹੋਰ ਤੇਜ਼ੀ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਜਾਰੀ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਅਨੁਸਾਰ, ਰਾਜਧਾਨੀ ਦਿੱਲੀ 'ਚ ਅੱਜ ਟਮਾਟਰ ਦਾ ਰਿਟੇਲ ਮੁੱਲ 58 ਰੁਪਏ ਪ੍ਰਤੀ ਕਿੱਲੋ ਰਿਹਾ, ਜਦਕਿ ਇਸ ਦਾ ਥੋਕ ਮੁੱਲ 2700 ਰੁਪਏ ਪ੍ਰਤੀ ਕੁਇੰਟਲ ਸੀ। ਰਾਜਧਾਨੀ ਦੀਆਂ ਕਈ ਰਿਹਾਇਸ਼ੀ ਕਾਲੋਨੀਆਂ 'ਚ ਚੰਗੀ ਕਿਸਮ ਦੇ ਟਮਾਟਰ ਦਾ ਰਿਟੇਲ ਮੁੱਲ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ। ਰਾਸ਼ਟਰੀ ਰਾਜਧਾਨੀ 'ਚ 21 ਜੂਨ ਨੂੰ ਟਮਾਟਰ ਦਾ ਰਿਟੇਲ ਮੁੱਲ 37 ਰੁਪਏ ਪ੍ਰਤੀ ਕਿੱਲੋ ਸੀ ਅਤੇ ਇਸ ਦਿਨ ਇਸ ਦਾ ਥੋਕ ਮੁੱਲ 1525 ਰੁਪਏ ਪ੍ਰਤੀ ਕੁਇੰਟਲ ਸੀ। ਇਸ ਤਰ੍ਹਾਂ ਪਿਛਲੇ ਇਕ ਹਫਤੇ 'ਚ ਟਮਾਟਰ ਦੇ ਰਿਟੇਲ ਸਰਕਾਰੀ ਮੁੱਲ 'ਚ 56 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਵਾਰਾਣਸੀ 'ਚ ਟਮਾਟਰ ਦਾ ਅੱਜ ਰਿਟੇਲ ਮੁੱਲ 47 ਰੁਪਏ ਪ੍ਰਤੀ ਕੁਇੰਟਲ ਰਿਹਾ, ਜਦਕਿ ਜੰਮੂ, ਲਖਨਊ, ਆਗਰਾ, ਝਾਂਸੀ ਅਤੇ ਮੇਰਠ 'ਚ ਇਸ ਦਾ ਮੁੱਲ 40 ਰੁਪਏ ਪ੍ਰਤੀ ਕਿੱਲੋ ਰਿਹਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਪਿਛਲੇ ਹਫਤੇ 'ਚ ਰਿਟੇਲ ਮੁੱਲ 21 ਰੁਪਏ ਪ੍ਰਤੀ ਕਿੱਲੋ 'ਤੇ ਸਥਿਰ ਹੈ। ਚੰਡੀਗੜ੍ਹ 'ਚ ਇਕ ਹਫਤੇ ਪਹਿਲਾਂ ਟਮਾਟਰ ਦਾ ਮੁੱਲ 22 ਰੁਪਏ ਪ੍ਰਤੀ ਕਿੱਲੋ ਸੀ ਜੋ ਹੁਣ ਵਧ ਕੇ 25 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।