ਇਸ ਸਾਲ ਹੁਣ ਤੱਕ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਦਿੱਤਾ ਵੱਡਾ ਰਿਟਰਨ, BSE ਮਿਡਕੈਪ 30 ਫੀਸਦੀ ਚੜ੍ਹਿਆ
Thursday, Jul 18, 2024 - 03:24 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਵੱਡੀ ਆਰਥਿਕ ਬੁਨਿਆਦ ਨੂੰ ਲੈ ਕੇ ਭਰੋਸੇ ਅਤੇ ਘਰੇਲੂ ਪੱਧਰ ’ਤੇ ਤਰਲਤਾ ਦੀ ਸਥਿਤੀ ’ਚ ਸੁਧਾਰ ਦੌਰਾਨ ਇਸ ਸਾਲ ਹੁਣ ਤੱਕ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਜ਼ਿਆਦਾ ਰਿਟਰਨ ਦਿੱਤਾ ਹੈ। ਬੀ. ਐੱਸ. ਈ. ਮਿਡਕੈਪ ਸੂਚਕ ਅੰਕ ਇਸ ਸਾਲ 16 ਜੁਲਾਈ ਤੱਕ 10,984.72 ਅੰਕ ਜਾਂ 29.81 ਫੀਸਦੀ ਚੜ੍ਹਿਆ ਹੈ, ਜਦੋਂਕਿ ਸਮਾਲਕੈਪ ’ਚ 11,628.13 ਅੰਕ ਜਾਂ 27.24 ਫੀਸਦੀ ਦਾ ਉਛਾਲ ਆਇਆ ਹੈ। ਚਮੇਲੀ ਇਨਵੈਸਟਮਾਰਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਸੁਨੀਲ ਨਿਆਤੀ ਨੇ ਕਿਹਾ,‘‘ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੇ ਬਿਹਤਰ ਪ੍ਰਦਰਸ਼ਨ ਦੀ ਮੁੱਖ ਵਜ੍ਹਾ ਘਰੇਲੂ ਪੱਧਰ ’ਤੇ ਨਕਦੀ ’ਚ ਉਛਾਲ ਹੈ।
ਮਿਊਚੁਅਲ ਫੰਡ, ਪੋਰਟਫੋਲੀਓ ਪ੍ਰਬੰਧਨ ਸੇਵਾਵਾਂ (ਪੀ. ਐੱਮ. ਐੱਸ.) ਅਤੇ ਪ੍ਰਤੱਖ ਨਿਵੇਸ਼ ਜ਼ਰੀਏ ਇਨ੍ਹਾਂ ਖੇਤਰਾਂ ’ਚ ਸਮਰੱਥ ਮਾਤਰਾ ’ਚ ਘਰੇਲੂ ਧਨ ਦਾ ਪ੍ਰਵਾਹ ਹੋ ਰਿਹਾ ਹੈ। ਉਨ੍ਹਾਂ ਕਿਹਾ,‘‘ਅਸੀਂ ਮੌਜੂਦਾ ਸਮੇਂ ’ਚ ਇਕ ਸੰਰਚਨਾਤਮਕ ਤੇਜ਼ੀ ਵਾਲੇ ਬਾਜ਼ਾਰ ’ਚ ਹਨ, ਜਿੱਥੇ ਮਿਡਕੈਪ ਅਤੇ ਸਮਾਲਕੈਪ ਸ਼ੇਅਰ ਬਿਹਤਰ ਪ੍ਰਦਰਸ਼ਨ ਕਰਦੇ ਹਨ। ਨਿਆਤੀ ਨੇ ਕਿਹਾ, ‘‘ਹਾਲਾਂਕਿ ਵੱਡੇ ਸ਼ੇਅਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਬਿਕਵਾਲੀ ਕਾਰਨ ਉਹ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਤੋਂ ਪਿੱਛੇ ਰਹਿ ਗਏ।
ਮੁਹੱਰਮ ਮੌਕੇ ਅੱਜ ਸ਼ੇਅਰ ਬਾਜ਼ਾਰ ਬੰਦ ਰਹੇ। ਬੀ. ਐੱਸ. ਈ. ਮਿਡਕੈਪ ਸੂਚਕ ਅੰਕ ਇਸ ਸਾਲ 16 ਜੁਲਾਈ ਨੂੰ 48,175.21 ਅੰਕ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ, ਜਦੋਂਕਿ ਸਮਾਲਕੈਪ 8 ਜੁਲਾਈ ਨੂੰ 54,617.75 ਅੰਕ ਦੇ ਆਪਣੇ ਸਭ ਤੋਂ ਉੱਚ ਪੱਧਰ ’ਤੇ ਪੁੱਜਾ ਸੀ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 16 ਜੁਲਾਈ ਨੂੰ 80,898.3 ਅੰਕ ਦੇ ਆਪਣੇ ਰਿਕਾਰਡ ਉੱਚ ਪੱਧਰ ’ਤੇ ਪੁੱਜਾ ਸੀ।
ਮਾਸਟਰ ਕੈਪੀਟਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਉਪ-ਪ੍ਰਧਾਨ ਅਰਵਿੰਦਰ ਸਿੰਘ ਨੰਦਾ ਨੇ ਕਿਹਾ,‘‘ਇਸ ਸਾਲ ਸੈਂਸੈਕਸ ਦੀ ਤੁਲਣਾ ’ਚ ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕ ਦੇ ਬਿਹਤਰ ਪ੍ਰਦਰਸ਼ਨ ਦੀ ਵਜ੍ਹਾ ਤਕਨੀਕੀ, ਸਿਹਤ ਸੇਵਾ ਅਤੇ ਖਪਤਕਾਰ ਵਸਤਾਂ ’ਚ ਖੇਤਰ-ਵਿਸ਼ੇਸ਼ ’ਚ ਉਛਾਲ ਅਤੇ ਉਨ੍ਹਾਂ ਦਾ ਹੇਠਲਾ ਮੁਲਾਂਕਣ ਅਤੇ ਅਰਥਵਿਵਸਥਾ ਦੀ ਉੱਚ ਵਾਧਾ ਸਮਰੱਥਾ ਨੂੰ ਕਿਹਾ ਜਾ ਸਕਦਾ ਹੈ।