ਦਹਾਕੇ ''ਚ ਸਭ ਤੋਂ ਘੱਟ ਰਹੇਗਾ ਇਸ ਵਾਰ ਤਨਖਾਹ ''ਚ ਵਾਧਾ

Wednesday, Feb 19, 2020 - 02:44 PM (IST)

ਨਵੀਂ ਦਿੱਲੀ — ਆਰਥਿਕਤਾ ਵਿਚ ਸੁਸਤੀ ਦਾ ਅਸਰ ਭਾਰਤੀ ਉਦਯੋਗ ਵਿਚ ਤਨਖਾਹ ਵਾਧੇ 'ਤੇ ਵੀ ਦਿਖਾਈ ਦੇ ਰਿਹਾ ਹੈ। ਵਿਸ਼ਵਵਿਆਪੀ ਪੇਸ਼ੇਵਰ ਸੇਵਾ ਫਰਮ 'ਏਆਨ ਪੀ.ਐਲ.ਸੀ.' ਦੇ ਸਾਲਾਨਾ ਤਨਖਾਹ ਵਾਧਾ ਸਰਵੇਖਣ ਅਨੁਸਾਰ 2020 ਵਿਚ ਔਸਤਨ ਤਨਖਾਹ ਵਾਧਾ 9.1 ਫੀਸਦੀ ਰਹਿਣ ਦਾ ਅਨੁਮਾਨ ਹੈ ਜਿਹੜਾ ਕਿ ਇਸ ਦਹਾਕੇ 'ਚ ਸਭ ਤੋਂ ਘੱਟ ਹੈ। ਜ਼ਿਕਰਯੋਗ ਹੈ ਕਿ 2008 ਦੇ ਵਿੱਤੀ ਸੰਕਟ ਤੋਂ ਬਾਅਦ ਤਨਖਾਹ ਵਾਧਾ ਘਟ ਕੇ 6.6% 'ਤੇ ਆ ਗਿਆ ਸੀ।

ਹਾਲਾਂਕਿ ਕੁੱਲ ਘਰੇਲੂ ਉਤਪਾਦ ਵਾਧਾ ਦਰ ਘੱਟ ਰਹਿਣ ਦੇ ਅੰਦਾਜ਼ੇ ਦੇ ਬਾਵਜੂਦ 2020 ਵਿਚ ਔਸਤਨ ਤਨਖਾਹ ਵਾਧੇ 'ਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ 20 ਅਧਾਰ ਅੰਕ ਦੀ ਕਮੀ ਆ ਸਕਦੀ ਹੈ। ਵੈਸੇ ਦੋ ਅੰਕਾਂ ਦੇ ਤਨਖਾਹ ਵਾਧੇ ਦੀ ਉਮੀਦ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਭਾਵੇਂ ਦੇਸ਼ ਵਿਚ ਔਸਤਨ ਤਨਖਾਹ ਵਾਧੇ ਵਿਚ ਗਿਰਾਵਟ ਆ ਸਕਦੀ ਹੈ ਪਰ ਫਿਰ ਵੀ 39 ਪ੍ਰਤੀਸ਼ਤ ਸੰਸਥਾਵਾਂ ਸਾਲ 2020 ਵਿਚ ਆਪਣੇ ਕਰਮਚਾਰੀਆਂ ਨੂੰ ਦੋਹਰੇ ਅੰਕ ਦੇ ਤਨਖਾਹ ਵਾਧੇ ਦਾ ਤੋਹਫਾ ਦੇ ਸਕਦੀਆਂ ਹਨ। ਇਸ ਸਾਲ ਦੇ ਅੰਕੜੇ ਲੰਬੇ ਸਮੇਂ ਦੇ ਰੁਝਾਨ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ।

2020 ਵਿਚ ਸਰਵੇਖਣ 'ਚ ਸ਼ਾਮਲ 92 ਫੀਸਦੀ ਕੰਪਨੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਵਿਚ ਸੁਧਾਰ ਹੋ ਰਿਹਾ ਹੈ। ਅਰਥਵਿਵਸਥਾ ਵਿਚ ਨਰਮੀ ਦੇ ਬਾਵਜੂਦ ਜ਼ਿਆਦਾਤਰ ਫਰਮਾਂ ਨੇ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੀ ਤੁਲਨਾ 'ਚ ਥੋੜ੍ਹਾ ਬਿਹਤਰ ਪ੍ਰਦਰਸ਼ਨ ਹੋ ਸਕਦਾ ਹੈ। ਦੂਜਾ ਰੁਝਾਨ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਭਗ ਸਾਰੇ ਖੇਤਰਾਂ ਵਿਚ ਤਨਖਾਹ ਵਾਧੇ ਦੇ ਦਾਇਰੇ ਵਿਚ ਫਰਕ ਘੱਟ ਹੋਇਆ ਹੈ। 2020 'ਚ ਈ-ਕਾਮਰਸ, ਪੇਸ਼ੇਵਰ ਸੇਵਾ ਸੰਸਥਾਵਾਂ ਨੇ ਔਸਤਨ 10 ਫੀਸਦੀ ਤਨਖਾਹ ਵਾਧੇ ਦੀ ਪੇਸ਼ਕਸ਼ ਦੀ ਯੋਜਨਾ ਦੱਸੀ ਸੀ ਜਦੋਂਕਿ ਲਾਜਿਸਟਿਕ, ਆਵਾਜਾਈ ਖੇਤਰ 'ਚ 7.6 ਫੀਸਦੀ ਵਾਧਾ ਹੋਣ ਦੀ ਗੱਲ ਕਹੀ ਗਈ ਸੀ।

ਏਆਨ ਵਿਖੇ ਡਾਇਰੈਕਟਰ-ਪ੍ਰਦਰਸ਼ਨ ਅਤੇ ਰੀਵਾਰਡਸ ਨਵਨੀਤ ਰਤਨ ਨੇ ਕਿਹਾ, 'ਸਾਲ 2011 ਤੋਂ ਪਹਿਲਾਂ ਆਈ.ਟੀ., ਦੂਰਸੰਚਾਰ, ਪ੍ਰਚੂਨ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਦੇ ਕਾਰਨ ਔਸਤਨ ਤਨਖਾਹ ਵਿਚ ਵਾਧਾ ਹੁੰਦਾ ਸੀ। ਪਰ ਹੁਣ ਸਾਰੇ ਖੇਤਰਾਂ ਵਿਚ ਸਥਿਤੀ ਇਕੋ ਜਿਹੀ ਹੈ।' ਘੱਟ ਬਜਟ ਕਾਰਨ ਕੁੱਲ ਨਿਰਧਾਰਤ ਤਨਖਾਹ ਵਿਚ ਪਰਿਵਰਤਨਸ਼ੀਲ ਤਨਖਾਹ ਦਾ ਹਿੱਸਾ ਵਧਿਆ ਹੈ। ਇਹ 2018 ਵਿਚ 15.2 ਫੀਸਦੀ ਸੀ ਜਿਹੜੀ 2019 ਵਿਚ ਵਧ ਕੇ 16.1 ਪ੍ਰਤੀਸ਼ਤ ਹੋ ਗਈ। ਸੀਨੀਅਰ ਪ੍ਰਬੰਧਨ ਪੱਧਰ 'ਤੇ ਇਹ 23.4 ਫੀਸਦੀ ਅਤੇ ਜੂਨੀਅਰ ਪ੍ਰਬੰਧਨ ਪੱਧਰ ਲਈ 11.4 ਫੀਸਦੀ ਸੀ।


Related News