ਇਕ ਚਾਰਜ ''ਚ 80 ਕਿਲੋਮੀਟਰ ਤੱਕ ਚੱਲੇਗਾ ਇਹ ਨਵਾਂ ਇਲੈਕਟ੍ਰੋਨਿਕ ਸਕੂਟਰ
Thursday, Nov 02, 2017 - 06:50 PM (IST)

ਜਲੰਧਰ- ਗੁੜਗਾਓਂ ਦੀ ਇਲੈਕਟ੍ਰੋਨਿਕ ਵਾਹਨ ਨਿਰਮਾਤਾ ਕੰਪਨੀ 22 ਮੋਟਰਸ ਨੇ ਆਪਣੇ ਨਵੇਂ ਬਿਹਤਰੀਨ ਫੀਚਰਸ ਨਾਲ ਲੈਸ ਇਲੈਕਟ੍ਰੋਨਿਕ ਸਕੂਟਰ ਦਾ ਖੁਲਾਸਾ ਕੀਤਾ ਹੈ। ਇਸ ਸਕੂਟਰ ਦੀ ਖਾਸੀਅਤ ਹੈ ਕਿ ਇਹ ਇਕ ਵਾਰ ਚਾਰਜ ਹੋ ਕੇ 80 ਕਿਲੋਮੀਟਰ ਦਾ ਸਾਫਰ ਤੈਅ ਕਰ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਗਈ ਹੈ। ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਲਈ ਇਹ ਕਾਫੀ ਕੰਮ ਦਾ ਸਾਬਿਤ ਹੋਵੇਗਾ। ਇਸ 'Flow' ਨਾਂ ਦੇ ਸਕੂਟਰ ਦੇ ਪ੍ਰੋਟੋਟਾਈਪ ਨੂੰ ਕੰਪਨੀ ਨੇ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਦਿਖਾਇਆ ਹੈ। ਜਾਣਕਾਰੀ ਮੁਤਾਬਕ ਇਸ ਦੀ ਕੀਮਤ 65 ਤੋਂ 70 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ ਸੰਸਥਾਪਕ ਪਰਵੀਨ ਖਰਬ ਨੇ ਦੱਸਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਸਮਾਰਟ ਸਕੂਟਰ ਨੌਜਵਾਨ ਪੀੜ੍ਹੀ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਵਿਚ ਗਾਹਕਾਂ ਨੂੰ ਕਈ ਖਾਸ ਫੀਚਰ ਮਿਲਣਗੇ ਜਿਵੇਂ- ਆਧੁਨਿਕ ਸੈਂਸਰ, ਸਮਾਰਟ ਫੀਚਰ, ਲਿਥੀਅਮ ਆਇਨ ਬੈਟਰੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਰੀਬ 85 ਕਿਲੋਗ੍ਰਾਮ ਭਾਰੇ ਇਸ ਵਾਹਨ 'ਚ ਡੀ.ਸੀ. ਮੋਟਰ ਲੱਗੀ ਹੈ ਜਿਸ ਵਿਚ ਲਿਥੀਅਮ ਆਇਨ ਬੈਟਰੀ ਦੀ ਪਾਵਰ ਹੈ। ਇਹ ਬੈਟਰੀ ਸਿਰਫ ਦੋ ਘੰਟਿਆਂ 'ਚ ਚਾਰਜ ਹੋ ਸਕਦੀ ਹੈ।
ਦੱਸ ਦਈਏ ਕਿ ਇਸ ਵਾਹਨ ਦੇ ਟਾਪ ਮਾਡਲ 'ਚ ਦੋ ਬੈਟਰੀਆਂ ਦਾ ਆਪਸ਼ਨ ਹੈ ਅਤੇ Flow 'ਚ ਕਈ ਹੋਰ ਖਾਸ ਫੀਚਰ ਹਨ ਜਿਨ੍ਹਾਂ 'ਚ ਟੈਲੀਸਕੋਪਿਕ ਸਸਪੈਂਸ਼ਨ, ਇਨਬਿਲਟ ਮੋਬਾਇਲ ਚਾਰਜ ਅਤੇ ਦੋ ਹੈਲਮੇਟ ਲਈ ਲੋੜੀਂਦੀ ਸਟੋਰੇਜ ਹੈ।