ਡਾਲਰ ਦੇ ਮੁਕਾਬਲੇ ਇਸ ਦੇਸ਼ ਦੀ ਕਰੰਸੀ 1,90,000 ਤੱਕ ਡਿੱਗੀ
Saturday, Jun 20, 2020 - 05:30 PM (IST)
ਤੇਹਰਾਨ— ਸਯੁੰਕਤ ਰਾਜ ਅਮਰੀਕਾ ਦੀਆਂ ਸਖਤ ਪਾਬੰਦੀਆਂ ਵਿਚਕਾਰ ਈਰਾਨ ਦੀ ਕੰਰਸੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਮੁੱਲ 190,000 ਰਿਆਲ 'ਤੇ ਆ ਗਈ ਹੈ।
2018 'ਚ ਟਰੰਪ ਪ੍ਰਸ਼ਾਸਨ ਵੱਲੋਂ ਈਰਾਨ ਨਾਲ ਪ੍ਰਮਾਣੂ ਸਮਝੌਤਾ ਰੱਦ ਕਰਨ ਅਤੇ ਈਰਾਨ 'ਤੇ ਫਿਰ ਤੋਂ ਪਾਬੰਦੀਆਂ ਲੱਗਣ ਨਾਲ ਉਸ ਦੀ ਕਰੰਸੀ ਦੀ ਕੀਮਤ ਲਗਾਤਾਰ ਗੋਤੇ ਖਾ ਰਹੀ ਹੈ।
2015 'ਚ ਪ੍ਰਮਾਣੂ ਕਰਾਰ ਸਮੇਂ 32,000 ਰਿਆਲ ਇਕ ਡਾਲਰ ਦੇ ਬਰਾਬਰ ਸਨ। ਸਮਝੌਤਾ ਟੁੱਟਣ ਅਤੇ ਦੇਸ਼ 'ਤੇ ਅਮਰੀਕੀ ਪਾਬੰਦੀਆਂ ਕਾਰਨ ਈਰਾਨ ਦੀ ਤੇਲ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਈਰਾਨ ਦੀ ਆਮਦਨੀ ਦਾ ਮੁੱਖ ਸਰੋਤ ਹੈ। ਪਿਛਲੇ ਹਫਤੇ ਇਕ ਉੱਚ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਦੀ ਕੱਚੇ ਤੇਲ ਤੋਂ ਆਮਦਨ ਘੱਟ ਕੇ 8 ਅਰਬ ਡਾਲਰ ਰਹਿ ਗਈ ਹੈ, ਜੋ 2011 'ਚ 100 ਅਰਬ ਡਾਲਰ ਸੀ।
ਟਰੰਪ ਨੇ ਕਿਉਂ ਲਗਾਈ ਈਰਾਨ 'ਤੇ ਪਾਬੰਦੀ?
2015 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਨਾਲ ਜੋ ਪਰਮਾਣੂ ਸਮਝੌਤੇ ਕੀਤਾ ਸੀ, ਉਸ ਤਹਿਤ ਈਰਾਨ ਨੂੰ ਤੇਲ ਵੇਚਣ ਅਤੇ ਉਸ ਦੇ ਕੇਂਦਰੀ ਬੈਂਕ ਨੂੰ ਕੌਮਾਂਤਰੀ ਪੱਧਰ 'ਤੇ ਕਾਰੋਬਾਰ ਕਰਨ ਦੀ ਮਨਜ਼ੂਰੀ ਮਿਲੀ ਸੀ। ਸਮਝੌਤਾ ਸੀ ਕਿ ਈਰਾਨ ਪ੍ਰਮਾਣੂ ਸਮੱਗਰੀ ਦਾ ਇਸਤੇਮਾਲ ਹਥਿਆਰ ਬਣਾਉਣ 'ਚ ਨਹੀਂ ਕਰ ਸਕਦਾ। ਇਹ ਪ੍ਰਮਾਣੂ ਸਮਝੌਤਾ ਜੁਲਾਈ 2015 'ਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਰਹਿਣ ਦੌਰਾਨ ਅਮਰੀਕਾ, ਬ੍ਰਿਟੇਨ, ਰੂਸ, ਚੀਨ, ਫਰਾਂਸ ਅਤੇ ਜਰਮਨੀ ਨੇ ਮਿਲ ਕੇ ਈਰਾਨ ਨਾਲ ਕੀਤਾ ਸੀ।
2018 'ਚ 'ਚ ਟਰੰਪ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਇਹ ਕਹਿੰਦੇ ਰੱਦ ਕਰ ਦਿੱਤਾ ਕਿ ਉਹ ਦੁਨੀਆ ਤੋਂ ਲੁਕਾ ਕੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਜਾਰੀ ਰੱਖ ਰਿਹਾ ਹੈ। ਇਸ ਮਗਰੋਂ ਈਰਾਨ 'ਤੇ ਦੁਬਾਰਾ ਆਰਥਿਕ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ। ਵਿਸ਼ਵ ਵਪਾਰ 'ਚ ਅਮਰੀਕਾ ਦਾ ਅਜਿਹਾ ਦਬਦਬਾ ਹੈ ਕਿ ਇਹ ਐਲਾਨ ਕਰ ਦੇਣ ਨਾਲ ਹੀ ਕੌਮਾਂਤਰੀ ਕੰਪਨੀਆਂ ਨੇ ਈਰਾਨ ਨਾਲ ਆਪਣੇ ਵਪਾਰ ਤੋਂ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਅਤੇ ਇਸ ਕਾਰਨ ਈਰਾਨ ਦੀ ਤੇਲ ਬਰਾਮਦਗੀ ਕਾਰੋਬਾਰ 'ਚ ਭਾਰੀ ਗਿਰਾਵਟ ਆਈ, ਜੋ ਉਸ ਦੀ ਆਮਦਨ ਦਾ ਮੁੱਖ ਸਰੋਤ ਹੈ।