ਕੱਲ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੇ ''ਤੇ ਕੀ ਹੋਵੇਗਾ ਅਸਰ

04/30/2017 2:53:55 PM

ਨਵੀਂ ਦਿੱਲੀ— 1 ਮਈ ਤੋਂ ਦੇਸ਼ ''ਚ ਨਵੇਂ ਨਿਯਮ ਲਾਗੂ ਹੋ ਰਹੇ ਹਨ। ਦੇਸ਼ ਦੇ ਰੀਅਲ ਅਸਟੇਟ ਸੈਕਟਰ, ਪੰਜਾਬ ਨੈਸ਼ਨਲ ਬੈਂਕ ਦੇ ਨਵੇਂ ਲੋਨ ਰੇਟ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਆਦਿ ''ਤੇ ਨਵੇਂ ਨਿਯਮਾਂ ਦਾ ਅਸਰ ਪਵੇਗਾ। ਆਓ ਜਾਣਦੇ ਹਾਂ ਕਿ ਕਿੱਥੇ ਕੀ ਬਦਲਾਅ ਹੋ ਰਿਹਾ ਹੈ...

ਪੀ. ਐੱਨ. ਬੀ. ਬੈਂਕ ਦਾ ਲੋਨ ਹੋਵੇਗਾ ਸਸਤਾ

ਇਕ ਮਈ ਤੋਂ ਪੰਜਾਬ ਨੈਸ਼ਨਲ ਬੈਂਕ ਦਾ ਲੋਨ ਸਸਤਾ ਹੋ ਜਾਵੇਗਾ। ਬੈਂਕ ਨੇ ਆਪਣੇ ਐੱਮ. ਸੀ. ਐੱਲ. ਆਰ. ''ਚ 0.15 ਫੀਸਦੀ ਦੀ ਕੌਟਤੀ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਬੈਂਕ ਦੇ ਨਵੇਂ ਲੋਨ ਇਕ ਮਈ ਤੋਂ ਸਸਤੇ ਹੋ ਜਾਣਗੇ। ਨਵਾਂ ਐੱਮ. ਸੀ. ਐੱਲ. ਆਰ. 8.05 ਫੀਸਦੀ ਤੋਂ 8.65 ਫੀਸਦੀ ਵਿਚਕਾਰ ਹੋਵੇਗਾ। ਪੰਜ ਸਾਲ ਦੇ ਕਰਜ਼ੇ ਲਈ ਨਵੀਂ ਦਰ 8.65 ਫੀਸਦੀ ਹੋਵੇਗੀ, ਜੋ ਕਿ ਅਪ੍ਰੈਲ ''ਚ 8.75 ਫੀਸਦੀ ਸੀ। ਉੱਥੇ ਹੀ ਇਕ ਸਾਲ ਲਈ ਕਰਜ਼ਾ 8.35 ਫੀਸਦੀ ਦਰ ''ਤੇ ਮਿਲੇਗਾ, ਜੋ ਕਿ ਪਹਿਲਾਂ 8.45 ਫੀਸਦੀ ''ਤੇ ਮਿਲਦਾ ਸੀ। 

ਰੋਜ਼ ਬਦਲੇਗੀ ਪੈਟਰੋਲ-ਡੀਜ਼ਲ ਦੀ ਕੀਮਤ

ਜੇਕਰ ਤੁਸੀਂ 1 ਮਈ ਤੋਂ ਆਪਣੇ ਵਾਹਨ ''ਤੇ ਚੰਡੀਗੜ੍ਹ ਜਾ ਰਹੇ ਹੋ ਤਾਂ ਸ਼ਾਇਦ ਤੁਹਾਨੂੰ ਉੱਥੇ ਪੈਟਰੋਲ ਜਾਂ ਡੀਜ਼ਲ ਪਵਾਉਣ ਦੀ ਲੋੜ ਵੀ ਪੈ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮਈ ਤੋਂ ਦੇਸ਼ ਦੇ ਪੰਜ ਸ਼ਹਿਰਾਂ ''ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਤੈਅ ਹੋਣਗੀਆਂ। ਇਹ ਪੰਜ ਸ਼ਹਿਰ ਚੰਡੀਗੜ੍ਹ, ਪੁਡੂਚੇਰੀ, ਵਿਸ਼ਾਖਾਪਟਨਮ, ਉਦੈਪੁਰ ਅਤੇ ਜਮਸ਼ੇਦਪੁਰ ਹਨ। ਇੱਥੇ ਪ੍ਰੀਖਣ ਦੇ ਤੌਰ ''ਤੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਰੋਜ਼ਾਨਾ ਤੈਅ ਕੀਤੀਆਂ ਜਾਣਗੀਆਂ। ਬਾਅਦ ''ਚ ਇਸ ਨੂੰ ਪੂਰੇ ਦੇਸ਼ ''ਚ ਲਾਗੂ ਕੀਤਾ ਜਾਵੇਗਾ। ਕੌਮਾਂਤਰੀ ਬਾਜ਼ਾਰ ''ਚ ਤੇਲ ਦੀਆਂ ਕੀਮਤਾਂ ਘੱਟ ਹੋਣ ਦਾ ਫਾਇਦਾ ਗਾਹਕਾਂ ਨੂੰ ਤੁਰੰਤ ਮਿਲੇਗਾ। ਉੱਥੇ ਹੀ ਕੌਮਾਂਤਰੀ ਬਾਜ਼ਾਰ ''ਚ ਕੱਚਾ ਤੇਲ ਦੀ ਕੀਮਤ ਚੜ੍ਹਨ ''ਤੇ ਪੈਟਰੋਲ-ਡੀਜ਼ਲ ਵੀ ਮਹਿੰਗਾ ਹੋਵੇਗਾ। ਫਿਲਹਾਲ 27 ਅਪ੍ਰੈਲ ਨੂੰ ਕੱਚਾ ਤੇਲ ਡਿੱਗ ਕੇ 49.94 ਦੇ ਪੱਧਰ ''ਤੇ ਰਿਹਾ। ਇਸ ਦਾ ਫਾਇਦਾ 1 ਮਈ ਨੂੰ ਮਿਲ ਸਕਦਾ ਹੈ। 

ਨਵਾਂ ਰੀਅਲ ਅਸਟੇਟ ਐਕਟ ਲਾਗੂ ਹੋਵੇਗਾ

ਇਕ ਮਈ ਤੋਂ ਦੇਸ਼ ''ਚ ਰੀਅਲ ਅਸਟੇਟ ਰੈਗੂਲੇਸ਼ਨ ਐਕਟ ਲਾਗੂ ਹੋ ਜਾਵੇਗਾ। ਇਸ ਤਹਿਤ ਸੂਬਿਆਂ ''ਚ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਇਕ ਮਈ ਤੋਂ ਕੰਮ ਕਰਨ ਲੱਗੇਗੀ। ਇਸ ਤੋਂ ਬਾਅਦ 90 ਦਿਨਾਂ ਅੰਦਰ ਰੀਅਲ ਅਸਟੇਟ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਅਥਾਰਟੀ ''ਚ ਆਪਣਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਇਸ ਐਕਟ ਨਾਲ ਖਰੀਦਦਾਰਾਂ ਨੂੰ ਬਹੁਤ ਮਜ਼ਬੂਤੀ ਮਿਲੇਗੀ ਅਤੇ ਉਹ ਬਿਲਡਰਾਂ ਦੀ ਮਨਮਾਨੀ ਖਿਲਾਫ ਰੈਗੂਲੇਟਰੀ ਅਥਾਰਟੀ ''ਚ ਜਾ ਸਕਣਗੇ। ਅਥਾਰਟੀ ਦੇ ਹੁਕਮ ਦੀ ਪਾਲਣਾ ਨਾ ਕਰਨ ''ਤੇ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਜੇਲ ਤਕ ਜਾਣਾ ਪੈ ਸਕਦਾ ਹੈ।


Related News