ਮਹਿੰਗਾਈ ਦੇ ਮੋਰਚੇ ''ਤੇ ਰਾਹਤ ਦੀ ਉਮੀਦ ਨਹੀਂ
Monday, Feb 12, 2018 - 12:32 AM (IST)
ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੇ ਨਾਲ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਜਨਵਰੀ 'ਚ ਵੀ ਪ੍ਰਚੂਨ ਮਹਿੰਗਾਈ 'ਚ ਜ਼ਿਆਦਾ ਰਾਹਤ ਦੀ ਉਮੀਦ ਨਹੀਂ ਹੈ। ਜਨਵਰੀ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਸੋਮਵਾਰ ਨੂੰ ਜਾਰੀ ਹੋਣੇ ਹਨ। ਇਸ ਤੋਂ ਪਹਿਲਾਂ ਦਸੰਬਰ 'ਚ ਲਗਾਤਾਰ ਤੀਜੇ ਮਹੀਨੇ ਪ੍ਰਚੂਨ ਮਹਿੰਗਾਈ ਦੀ ਦਰ 17 ਮਹੀਨੇ ਦੇ ਉੱਚ ਪੱਧਰ 5.21 ਫੀਸਦੀ 'ਤੇ ਰਹੀ ਸੀ।
ਜਨਵਰੀ 'ਚ ਡੀਜ਼ਲ ਦੀਆਂ ਕੀਮਤਾਂ ਦੇ ਲਗਾਤਾਰ ਦੇ ਰਿਕਾਰਡ ਪੱਧਰ 'ਤੇ ਰਹਿਣ ਅਤੇ ਪੈਟਰੋਲ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਨਾਲ ਮਹਿੰਗਾਈ 'ਤੇ ਦਬਾਅ ਹੈ। ਪ੍ਰਚੂਨ ਮਹਿੰਗਾਈ ਦੇ ਅਧਿਕਾਰਕ ਅੰਕੜਿਆਂ 'ਚ ਈਂਧਨ ਅਤੇ ਬਿਜਲੀ ਖੇਤਰ ਦਾ ਭਾਰ ਅੰਕ 7.94 ਫੀਸਦੀ ਹੈ। ਰਿਜ਼ਰਵ ਬੈਂਕ ਨੇ 7 ਫਰਵਰੀ ਨੂੰ 2 ਮਹੀਨਿਆਂ ਦੀ ਕਰੰਸੀ ਨੀਤੀ ਸਮੀਖਿਆ ਬਿਆਨ 'ਚ ਮਹਿੰਗਾਈ 'ਤੇ ਚਿੰਤਾ ਜਤਾਈ ਸੀ। ਉਸ ਨੇ ਕਿਹਾ ਕਿ ਸੀ ਕਿ ਆਮ ਤੌਰ 'ਤੇ ਦਸੰਬਰ 'ਚ ਸਬਜ਼ੀਆਂ ਦੀ ਕੀਮਤਾਂ 'ਚ ਜਿੰਨੀ ਕਮੀ ਹੁੰਦੀ ਹੈ, ਇਸ ਵਾਰ ਓਨੀ ਨਹੀਂ ਹੋਈ। 7ਵੇਂ ਪੇ-ਕਮੀਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਹੋਣ ਤੋਂ ਬਾਅਦ ਰਿਹਾਇਸ਼ੀ ਭੱਤੇ 'ਚ ਹੋਏ ਵਾਧੇ ਦਾ ਅਸਰ ਮਹਿੰਗਾਈ ਦਰ 'ਤੇ ਜਨਵਰੀ 'ਚ ਵੀ ਬਰਕਰਾਰ ਰਹੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਦਾਲਾਂ ਅਤੇ ਅਨਾਜਾਂ ਦੀਆਂ ਕੀਮਤਾਂ ਦੀ ਮਹਿੰਗਾਈ ਦਰ 'ਚ ਕੁਝ ਗਿਰਾਵਟ ਜ਼ਰੂਰ ਆ ਸਕਦੀ ਹੈ ਪਰ ਕੁੱਲ ਮਿਲਾ ਕੇ ਮਹਿੰਗਾਈ ਦੀ ਦਰ 'ਚ ਜੇਕਰ ਗਿਰਾਵਟ ਆਉਂਦੀ ਵੀ ਹੈ ਤਾਂ ਉਹ ਬਹੁਤ ਜ਼ਿਆਦਾ ਨਹੀਂ ਹੋਵੇਗੀ। ਇਸ ਨਾਲ ਜਨਵਰੀ 'ਚ ਵੀ ਪ੍ਰਚੂਨ ਮਹਿੰਗਾਈ ਦੇ 5 ਫੀਸਦੀ ਦੇ ਉਪਰ ਬਣੇ ਰਹਿਣ ਦੀ ਸੰਭਾਵਨਾ ਹੈ।
