ਨਿਵੇਸ਼ ਲਈ ਭਾਰਤ ਨਾਲੋਂ ਬਿਹਤਰ ਕੋਈ ਥਾਂ ਨਹੀਂ, ਸਰਕਾਰ ਸੁਧਾਰ ਲਿਆਉਣ ਲਈ ਉਠਾ ਰਹੀ ਕਦਮ : ਸੀਤਾਰਮਨ

10/18/2019 10:19:38 AM

ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਪੂਰੀ ਦੁਨੀਆ ’ਚ ਭਾਰਤ ਨਾਲੋਂ ਬਿਹਤਰ ਕੋਈ ਜਗ੍ਹਾ ਨਹੀਂ ਮਿਲੇਗੀ, ਜਿੱਥੇ ਲੋਕਤੰਤਰ ’ਚ ਭਰੋਸਾ ਕਰਨ ਦੇ ਨਾਲ ਹੀ ਪੂੰਜੀਵਾਦ ਦਾ ਸਨਮਾਨ ਕੀਤਾ ਜਾਂਦਾ ਹੈ। ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਹੈੱਡਕੁਆਰਟਰ ’ਚ ਗੱਲਬਾਤ ਦੇ ਇਕ ਇਜਲਾਸ ’ਚ ਸੀਤਾਰਮਨ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨਵੇਂ ਸੁਧਾਰ ਲਿਆਉਣ ’ਤੇ ਲਗਾਤਾਰ ਕੰਮ ਕਰ ਰਹੀ ਹੈ।

ਸੀਤਾਰਮਨ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਜ਼ਿਆਦਾ ਨਿਵੇਸ਼ ਆਕਰਸ਼ਿਤ ਕਰਨ ਲਈ ਸਰਕਾਰ ਦੀ ਨੀਤੀ ਦਾ ਵੇਰਵਾ ਬਹੁਤ ਛੇਤੀ ਉਪਲੱਬਧ ਹੋਵੇਗਾ। ਉਨ੍ਹਾਂ ਸੈਰ-ਸਪਾਟਾ, ਦਸਤਕਾਰੀ, ਰੇਸ਼ਮ, ਕੇਸਰ ਅਤੇ ਸੇਬ ਦੇ ਉਤਪਾਦਨ ਵਰਗੇ ਖੇਤਰਾਂ ’ਚ ਨਿਵੇਸ਼ਕਾਂ ਦੇ ਸੰਭਾਵੀ ਨਿਵੇਸ਼ਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਦੀਆਂ ਕੌਮਾਂਤਰੀ ਚੁਣੌਤੀਆਂ ਨਾਲ ਲੜਨ ’ਚ ਭਾਰਤ ਦੀ ਵਚਨਬੱਧਤਾ ਦ੍ਰਿੜ੍ਹ ਅਤੇ ਕਈ ਦੇਸ਼ਾਂ ਨਾਲੋਂ ਬਿਹਤਰ ਹੈ। ਜਲਵਾਯੂ ਤਬਦੀਲੀ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਨ ਦੀ ਕੋਸ਼ਿਸ਼ ’ਚ ਭਾਰਤ ਨਵਿਆਉਣਯੋਗ ਊਰਜਾ ਦੇ ਉਤਪਾਦਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

ਭਾਰਤ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਅਰਥਵਿਵਸਥਾ

ਉਨ੍ਹਾਂ ਕਿਹਾ ਕਿ ਭਾਰਤ ਅੱਜ ਵੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥਵਿਵਸਥਾ ਹੈ। ਸਾਡੇ ਕੋਲ ਉੱਤਮ ਕੁਸ਼ਲਤਾ ਵਾਲਾ ਕਿਰਤਬਲ ਅਤੇ ਅਜਿਹੀ ਸਰਕਾਰ ਹੈ ਜੋ ਸੁਧਾਰ ਦੇ ਨਾਂ ’ਤੇ ਜ਼ਰੂਰੀ ਚੀਜ਼ਾਂ ਅਤੇ ਇਨ੍ਹਾਂ ਸਾਰਿਆਂ ਤੋਂ ਉੱਪਰ ਲੋਕਤੰਤਰ ਅਤੇ ਕਾਨੂੰਨ ਵਿਵਸਥਾ ’ਤੇ ਲਗਾਤਾਰ ਕੰਮ ਕਰ ਰਹੀ ਹੈ। ਨਿਵੇਸ਼ਕ ਭਾਰਤ ’ਚ ਨਿਵੇਸ਼ ਕਿਉਂ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਭਾਵੇਂ ਅਦਾਲਤੀ ਵਿਵਸਥਾ ’ਚ ਥੋੜ੍ਹੀ ਦੇਰੀ ਹੋ ਜਾਂਦੀ ਹੈ ਪਰ ਭਾਰਤ ਇਕ ਪਾਰਦਰਸ਼ੀ ਅਤੇ ਅਾਜ਼ਾਦ ਸਮਾਜ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਕਾਨੂੰਨ ਵਿਵਸਥਾ ਦੇ ਨਾਲ ਕੰਮ ਹੁੰਦਾ ਹੈ ਅਤੇ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਹੇ ਹਨ, ਦੇਰੀ ਨੂੰ ਘੱਟ ਕਰਨ ਦੀ ਦਿਸ਼ਾ ’ਚ ਵੀ।

ਭਾਰਤ ਵਰਗਾ ਲੋਕਤੰਤਰ ਪਸੰਦ ਦੇਸ਼ ਦੂਜਾ ਨਹੀਂ

ਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਆਫ ਇੰਡੀਆ (ਫਿੱਕੀ) ਅਤੇ ਅਮਰੀਕਾ ਭਾਰਤ ਰਣਨੀਤਕ ਅਤੇ ਸਾਂਝੇਦਾਰੀ ਫੋਰਮ ਵੱਲੋਂ ਸਾਂਝੇ ਰੂਪ ਨਾਲ ਆਯੋਜਿਤ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ, ‘‘ਤੁਹਾਨੂੰ ਭਾਰਤ ਵਰਗਾ ਲੋਕਤੰਤਰ ਪਸੰਦ ਅਤੇ ਪੂੰਜੀਵਾਦ ਦਾ ਸਨਮਾਨ ਕਰਨ ਵਾਲਾ ਦੇਸ਼ ਨਹੀਂ ਮਿਲੇਗਾ। ਵੱਡੀਆਂ ਬੀਮਾ ਕੰਪਨੀਆਂ ਵੱਲੋਂ ਇਸ ਖੇਤਰ ’ਚ ਨਿਵੇਸ਼ ’ਤੇ ਲੱਗੀ ਹੱਦ ਹਟਾਉਣ ਦੀ ਅਪੀਲ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਹੱਦ ਹਟਾਉਣ ਤੋਂ ਇਲਾਵਾ ਇਸ ਖੇਤਰ ਦੀਆਂ ਹੋਰ ਕੀ ਉਮੀਦਾਂ ਹਨ। ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਦਾ ਰੁਖ਼ ਇਸ ਪ੍ਰਤੀ ਲਚਕੀਲਾ ਹੈ ਅਤੇ ਉਹ ਉਨ੍ਹਾਂ ਨੂੰ ਵੇਰਵਾ ਭੇਜ ਸਕਦੇ ਹਨ।


Related News