Budget 2023: ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਹੋ ਸਕਦੇ ਹਨ ਕਈ ਵੱਡੇ ਐਲਾਨ
Wednesday, Dec 28, 2022 - 03:49 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਇਲੈਕਟ੍ਰਿਕ ਵ੍ਹੀਕਲ (EV) ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਬਿਹਤਰ ਰਹੇਗਾ। ਯੂਨੀਅਨ ਬਜਟ 'ਚ ਸਰਕਾਰ ਇਲੈਕਟ੍ਰਿਕ ਵਾਹਨਾਂ ਲਈ ਕਈ ਵੱਡੇ ਐਲਾਨ ਕਰਨ ਵਾਲੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2023 ਨੂੰ ਯੂਨੀਅਨ ਬਜਟ ਪੇਸ਼ ਕਰੇਗੀ। ਈਵੀ ਇੰਡਸਟਰੀ ਨੇ ਵਿੱਤ ਮੰਤਰੀ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਹੈ। ਜੇਕਰ ਵਿੱਤ ਮੰਤਰੀ ਉਨ੍ਹਾਂ ਦੀਆਂ ਮੰਗਾਂ ਮੰਨ ਲੈਂਦੇ ਹਨ ਤਾਂ ਇਸ ਦਾ ਈਵੀ ਇੰਡਸਟਰੀ ਨੂੰ ਬਹੁਤ ਫਾਇਦਾ ਹੋਵੇਗਾ। ਈਵੀ ਇੰਡਸਟਰੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਈਵੀ 'ਤੇ ਟੈਕਸ ਛੋਟ ਵਧਾਉਣੀ ਚਾਹੀਦੀ ਹੈ। ਇਸ ਨਾਲ ਲੋਕ ਈਵੀ ਖਰੀਦਣ ਵਿੱਚ ਦਿਲਚਸਪੀ ਦਿਖਾਉਣਗੇ।
ਈਵੀ ਉਦਯੋਗ ਨੇ Faster adoption and manufacturing of hybrid and electric vehicles (FAME-II) ਸਕੀਮ ਨੂੰ ਵੀ 2024 ਤੋਂ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਈਵੀ 'ਤੇ ਜੀ.ਐੱਸ.ਟੀ 'ਚ ਕਟੌਤੀ ਦਾ ਵੀ ਐਲਾਨ ਕਰਨਾ ਚਾਹੀਦਾ ਹੈ।
ਤੇਜ਼ੀ ਨਾਲ ਵਧ ਰਹੀ ਈਵੀ ਸੇਲ
ਪਿਛਲੇ ਮਹੀਨੇ (ਨਵੰਬਰ) ਦੇਸ਼ ਵਿੱਚ ਕੁੱਲ 18,47,208 ਦੋਪਹੀਆ ਵਾਹਨ ਵੇਚੇ ਗਏ। ਇਨ੍ਹਾਂ ਵਿੱਚੋਂ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਗਿਣਤੀ 76,438 ਰਹੀ। ਇਹ ਲਗਭਗ 4 ਫੀਸਦੀ ਹੈ। ਹੋਰ ਈਵੀ ਕੰਪਨੀਆਂ ਨੇ ਵੀ ਇਲੈਕਟ੍ਰਿਕ ਵਾਹਨਾਂ ਦੀ ਚੰਗੀ ਵਿਕਰੀ ਦੀ ਉਮੀਦ ਜਤਾਈ ਹੈ। ਪਰ, ਇਸ ਨੂੰ ਸਰਕਾਰ ਤੋਂ ਕੁਝ ਮਦਦ ਦੀ ਲੋੜ ਹੈ। Zypp ਇਲੈਕਟ੍ਰਿਕ ਦਾ ਕਹਿਣਾ ਹੈ ਕਿ ਲਾਸਟ-ਮਾਇਲ ਡਿਲੀਵਰੀ ਸੇਵਾਵਾਂ ਲਈ ਜੀ.ਐੱਸ.ਟੀ ਨੂੰ ਘਟਾਉਣ ਦੀ ਲੋੜ ਹੈ।