ਫਿਰ ਵਧ ਰਿਹੈ ਸੋਨੇ ਦਾ ਰੇਟ ਨਿਵੇਸ਼ ਲਈ ਚੰਗਾ ਮੌਕਾ, ਲੰਮੀ ਮਿਆਦ ’ਚ ਚਮਕੇਗਾ ਸੋਨਾ
Sunday, Dec 06, 2020 - 09:06 AM (IST)
ਨਵੀਂ ਦਿੱਲੀ (ਇੰਟ.) – ਕਈ ਦਿਨਾਂ ਤੋਂ ਗਿਰਾਵਟ ਤੋਂ ਬਾਅਦ ਹੁਣ ਸੋਨੇ-ਚਾਂਦੀ ਦੇ ਰੇਟ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੀਆਂ ਖਬਰਾਂ ਆਉਣ ਤੋਂ ਬਾਅਦ ਸੋਨੇ ਦੀ ਕੀਮਤ ’ਚ ਕਮੀ ਆਉਣ ਲੱਗੀ ਸੀ। ਬੀਤੇ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੇ ਬੰਦ ਰਹਿਣ ਤੋਂ ਬਾਅਦਗ ਵੀ ਗਲੋਬਲ ਮਾਰਕੀਟ ’ਚ ਸੋਨੇ ਦੀ ਕੀਮਤ ’ਚ 4 ਸਾਲ ਦੀ ਸਭ ਤੋਂ ਵੱਡੀ ਮਾਸਿਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਇਕ ਵਾਰ ਮੁੜ ਪੀਲੀ ਧਾਤੂ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸੋਨੇ ਦੇ ਭਾਅ ’ਚ ਤੇਜ਼ੀ ਆਉਣ ਦਾ ਇਕ ਕਾਰਣ ਅਮਰੀਕਾ ਦਾ ਰਾਹਤ ਪੈਕੇਜ਼ ਦੀ ਉਮੀਦ ਵੀ ਹੈ। ਦਰਅਸਲ ਰਾਹਤ ਪੈਕੇਜ਼ ਕਾਰਣ ਦੂਜੀ ਕਰੰਸੀ ਦੀ ਤੁਲਨਾ ’ਚ ਡਾਲਰ ਦੇ ਕਮਜ਼ੋਰ ਹੋਣ ਦੇ ਸੰਕੇਤ ਨੇ ਸੋਨੇ-ਚਾਂਦੀ ਦੇ ਭਾਅ ’ਚ ਥੋੜੀ ਤੇਜ਼ੀ ਲਿਆ ਦਿੱਤੀ ਹੈ ਕਿਉਂਕਿ ਅਮਰੀਕਾ ’ਚ ਰਾਹਤ ਪੈਕੇਜ ਤੋਂ ਬਾਅਦ ਮਹਿੰਗਾਈ ਵਧਣ ਦਾ ਖਤਰਾ ਹੈ। ਇਸ ਕਾਰਣ ਸੋਨਾ ਮਹਿੰਗਾ ਹੋ ਗਿਆ ਹੈ।
ਗੱਲ ਕਰੀਏ ਸੋਨੇ ਦੇ ਭਾਅ ਦੀ ਤਾਂ ਬੀਤੇ ਵੀਰਵਾਰ ਨੂੰ ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ’ਚ ਸੋਨਾ ਮਹਿੰਗਾ ਹੋ ਕੇ 49296 ਰੁਪਏ ’ਤੇ ਖੁੱਲ੍ਹਿਆ, ਦਿਨ ਭਰ ’ਚ ਸੋਨਾ 262 ਰੁਪਏ ਦੀ ਤੇਜ਼ੀ ਨਾਲ 49432 ਰੁਪਏ ’ਤੇ ਬੰਦ ਹੋਇਆ। ਜ਼ਿਕਰਯੋਗ ਹੈ ਕਿ ਅਮਰੀਕਾ ’ਚ 900 ਅਰਬ ਡਾਲਰ ਤੋਂ ਜ਼ਿਆਦਾ ਦੇ ਪੈਕੇਜ਼ ’ਤੇ ਸਹਿਮਤੀ ਬਣ ਸਕਦੀ ਹੈ। ਅਮਰੀਕਾ ਦਾ ਪੈਕੇਜ਼ ਆਉਣ ’ਤੇ ਮਹਿੰਗਾਈ ਵੀ ਵਧਣ ਦੇ ਆਸਾਰ ਹਨ। ਇਸ ਕਾਰਣ ਕੋਰੋਨਾ ਵੈਕਸੀਨ ’ਤੇ ਚੰਗੀਆਂ ਖਬਰਾਂ ਤੋਂ ਬਾਅਦ ਵੀ ਸੋਨੇ ’ਚ ਤੇਜ਼ੀ ਦੇਖੀ ਜਾ ਰਹੀ ਹੈ। ਸੋਨੇ ਦੇ ਨਾਲ-ਨਾਲ ਚਾਂਦੀ ਦੇ ਭਾਅ ’ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਐੱਮ. ਸੀ. ਐਕਸ. ’ਤੇ ਚਾਂਦੀ ਦਾ ਭਾਅ ਇਕ ਹਫਤੇ ਦੀ ਸਭ ਤੋਂ ਉਚਾਈ ’ਤੇ ਹੈ। ਚਾਂਦੀ ਦੇ ਭਾਅ ’ਚ 6 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਦੇ ਰਾਹਤ ਪੈਕੇਜ਼ ਨਾਲ ਚਾਂਦੀ ਬਾਜ਼ਾਰ ਦੀ ਚਾਂਦੀ ਹੋ ਰਹੀ ਹੈ।
ਗੋਲਡ ’ਚ ਕਰ ਸਕਦੇ ਹੋ ਨਿਵੇਸ਼
ਫਿਲਹਾਲ ਸੋਨੇ ਦੇ ਰੇਟ ’ਚ ਵਾਧਾ ਹੋ ਰਿਹਾ ਹੈ। ਅਜਿਹੇ ’ਚ ਸੋਨੇ ’ਚ ਨਿਵੇਸ਼ ਕਰਨਾ ਚੰਗਾ ਸੌਦਾ ਹੋ ਸਕਦਾ ਹੈ। ਸਸਤਾ ਸੋਨਾ ਖਰੀਦ ਕੇ ਕੀਮਤਾਂ ’ਚ ਵਾਧਾ ਹੋਣ ’ਤੇ ਉਸ ਨੂੰ ਵੇਚ ਦੇਣ ਨਾਲ ਚੰਗਾ ਰਿਟਰਨ ਮਿਲਦਾ ਹੈ। ਸੋਨੇ ’ਚ ਨਿਵੇਸ਼ ਕਰਨ ਦੇ ਇਛੁੱਕ ਲੋਕ ਜਿਊਲਰੀ, ਸਿੱਕੇ ਅਤੇ ਸੋਨੇ ਦੇ ਬਿਸਕੁਟ, ਗੋਲਡ ਈ. ਟੀ. ਐੱਫ., ਗੋਲਡ ਬਾਂਡ ਰਾਹੀਂ ਨਿਵੇਸ਼ ਕਰ ਸਕਦੇ ਹਨ।
ਇਸ ਹਫਤੇ ਤੇਜ਼ੀ ਦੇ ਬਾਵਜੂਦ ਹਾਲੇ ਵੀ 7000 ਰੁਪਏ ਸਸਤਾ ਹੈ ਸੋਨਾ
ਨਵੰਬਰ ’ਚ ਆਪਣੀ ਚਮਕ ਗੁਆਉਣ ਵਾਲਾ ਸੋਨਾ ਦਸੰਬਰ ਦੇ ਪਹਿਲੇ ਹਫਤੇ ’ਚ ਵਾਪਸ ਰਾਹ ’ਤੇ ਪਰਤ ਆਇਆ। ਉਥੇ ਹੀ ਚਾਂਦੀ ਨੇ ਵੀ ਆਪਣੀ ਗੁਆਚੀ ਹੋਈ ਰੰਗਤ ਵਾਪਸ ਪਾ ਲਈ ਹੈ। ਦਸੰਬਰ ਦੇ ਪਹਿਲੇ ਹਫਤੇ ’ਚ ਸੋਨੇ ਦੀ ਕੀਮਤ ’ਚ ਵਾਧਾ ਹੋਇਆ ਤਾਂ ਜ਼ੋਰਦਾਰ ਵਾਪਸੀ ਕਰਦੀ ਹੋਈ ਚਾਂਦੀ ਵੀ ਚਮਕ ਉੱਠੀ। ਹਾਲਾਂਕਿ ਹਾਲੇ ਵੀ ਸੋਨਾ ਆਪਣੇ ਸਭ ਤੋਂ ਸਿਖਰ ਤੋਂ ਕਰੀਬ 7000 ਰੁਪਏ ਸਸਤਾ ਹੈ। ਉਥੇ ਹੀ ਚਾਂਦੀ ਵੀ 12,944 ਰੁਪਏ ਨਰਮ ਹੈ।
ਦੱਸ ਦਈਏ ਕਿ ਅਗਸਤ ਦੀ ਸਵੇਰ ਸੋਨਾ 56,254 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਸੀ। ਇਹ ਆਲ ਟਾਈਮ ਹਾਈ ਰੇਟ ਹੈ। ਉਥੇ ਹੀ ਚਾਂਦੀ ਦੀ ਗੱਲ ਕਰੀਏ ਤਾਂ ਇਸ ਦਿਨ ਇਹ 76,008 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਸੀ। ਰਾਇਟਰਸ ਮੁਤਾਬਕ ਡਾਲਰ ਦੇ ਕਮਜ਼ੋਰ ਹੋਣ ਨਾਲ ਕੋਵਿਡ-19 ਦਾ ਟੀਕਾ ਆਉਣ ਅਤੇ ਆਰਥਿਕਤਾ ’ਚ ਰਿਕਵਰੀ ਦੀ ਆਸ ਨਾਲ ਇਕਵਿਟੀ ਵੱਲ ਧਿਆਨ ਜਾਣ ਲੱਗਾ। ਇਸ ਨਾਲ ਸੋਨੇ ਦੀਆਂ ਕੀਮਤਾਂ ’ਚ ਹੋਰ ਕਮੀ ਆ ਸਕਦੀ ਹੈ।
ਜੇ ਨਵੰਬਰ ਦੇ ਅੰਤਮ ਹਫਤੇ ਦੀ ਗੱਲ ਕਰੀਏ ਤਾਂ ਰੇਟ ’ਚ ਭਾਰੀ ਗਿਰਾਵਟ ਆਈ ਸੀ। ਉਹ ਵੀ ਉਦੋਂ ਜਦੋਂ ਵਿਆਹਾਂ ਦਾ ਸੀਜ਼ਨ ਹੈ। 20 ਨਵੰਬਰ ਦੀ ਤੁਲਨਾ ’ਚ 27 ਨਵੰਬਰ ਤੱਕ ਸੋਨਾ 1578 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਚੁੱਕਾ ਸੀ। ਉਥੇ ਹੀ ਇਸ ਦੌਰਾਨ ਚਾਂਦੀ 1958 ਰੁਪਏ ਪ੍ਰਤੀ ਕਿਲੋ ਕਮਜ਼ੋਰ ਹੋਈ ਜਦੋਂ ਕਿ 16 ਤੋਂ 20 ਨਵੰਬਰ ਦੀ ਗੱਲ ਕਰੀਏ ਤਾਂ ਸੋਨੇ ਦੇ ਰੇਟ ’ਚ 839 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੇ ਭਾਅ ’ਚ 2074 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖੀ ਗਈ।
ਲੰਮੀ ਮਿਆਦ ’ਚ ਚਮਕੇਗਾ ਸੋਨਾ
ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰਧਾਨ (ਕਮੋਡਿਟੀ ਅਤੇ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਟੀਕੇ ਨੂੰ ਲੈ ਕੇ ਆ ਰਹੀਆਂ ਸਕਾਰਾਤਮਕ ਖਬਰਾਂ ਨਾਲ ਸੋਨੇ ਦੇ ਭਾਅ ਕੌਮਾਂਤਰੀ ਪੱਧਰ ’ਤੇ ਡਿਗ ਰਹੇ ਹਨ। ਇਸ ਦੇ ਬਾਵਜੂਦ ਹੇਠਲੇ ਪੱਧਰ ਨੂੰ ਦੇਖਦੇ ਹੋਏ ਸੋਨਾ ਅਗਲੇ ਇਕ ਸਾਲ ’ਚ 57,000 ਤੋਂ 60,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਮੀ ਮਿਆਦ ’ਚ ਸੋਨੇ ’ਚ ਨਿਵੇਸ਼ ਫਾਇਦੇ ਦਾ ਸੌਦਾ ਹੈ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਨਿਵੇਸ਼ ਤੋਂ ਪਹਿਲਾਂ ਪੂਰੀ ਪੜਤਾਲ ਜ਼ਰੂਰ ਕਰੋ।