ਰਤਨ ਟਾਟਾ ਦੇ ਦੌਰ ’ਚ ਇੰਝ ਟਾਟਾ ਗਰੁੱਪ ਨੇ ਪੂਰੀ ਦੁਨੀਆ ’ਚ ਲਹਿਰਾਇਆ ਪਰਚਮ

Friday, Oct 11, 2024 - 12:13 PM (IST)

ਰਤਨ ਟਾਟਾ ਦੇ ਦੌਰ ’ਚ ਇੰਝ ਟਾਟਾ ਗਰੁੱਪ ਨੇ ਪੂਰੀ ਦੁਨੀਆ ’ਚ ਲਹਿਰਾਇਆ ਪਰਚਮ

ਮੁੰਬਈ (ਇੰਟ.) – ਦੇਸ਼ ਦੇ ਧਾਕੜ ਕਾਰੋਬਾਰੀ ਰਤਨ ਟਾਟਾ ਭਾਵੇਂ ਅੱਜ ਦੁਨੀਆ ਵਿਚ ਨਾ ਹੋਣ ਪਰ ਦੇਸ਼ਵਾਸੀਆਂ ਦੇ ਦਿਲਾਂ ਵਿਚ ਉਹ ਹਮੇਸ਼ਾ ਰਹਿਣਗੇ। ਰਤਨ ਟਾਟਾ ਦੇ ਜਾਣ ਨਾਲ ਕਾਰੋਬਾਰੀ ਜਗਤ ਵਿਚ ਪੂਰਾ ਇਕ ਯੁੱਗ ਹੀ ਖਤਮ ਹੋ ਗਿਆ ਹੈ। ਉਨ੍ਹਾਂ ਦੀ ਲੀਡਰਸ਼ਿਪ ’ਚ ਟਾਟਾ ਗਰੁੱਪ ਨੇ ਨਮਕ ਤੋਂ ਲੈ ਕੇ ਜਹਾਜ਼ ਬਣਾਉਣ ਤਕ ਦੇ ਬਿਜ਼ਨੈੱਸ ਕੀਤੇ ਹਨ। ਇਹੀ ਨਹੀਂ, ਹਰ ਘਰ ਵਿਚ ਟਾਟਾ ਦੇ ਕਿਸੇ ਨਾ ਕਿਸੇ ਉਤਪਾਦ ਦੀ ਵੀ ਵਿਕਰੀ ਹੋ ਰਹੀ ਹੈ, ਜਿਸ ਕਾਰਨ ਟਾਟਾ ਗਰੁੱਪ ਦੀ ਮਾਰਕੀਟ ਵੈਲਿਊ ਵੀ ਵਧੀ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਗਰੁੱਪ ਬਣ ਚੁੱਕਾ ਹੈ।

ਟਾਟਾ ਗਰੁੱਪ ਦੀ ਸ਼ੁਰੂਆਤ ਸਾਲ 1868 ’ਚ ਇਕ ਟਰੇਡਿੰਗ ਫਰਮ ਤੋਂ ਹੋਈ ਸੀ। ਅੱਜ 2024 ’ਚ 160 ਸਾਲ ਬਾਅਦ ਟਾਟਾ ਗਰੁੱਪ ਵਿਚ 100 ਤੋਂ ਵੱਧ ਕੰਪਨੀਆਂ ਹਨ। ਸ਼ੇਅਰ ਬਾਜ਼ਾਰ ਵਿਚ ਟਾਟਾ ਗਰੁੱਪ ਦੀਆਂ 29 ਕੰਪਨੀਆਂ ਲਿਸਟਿਡ ਹਨ। ਇਨ੍ਹਾਂ ਕੰਪਨੀਆਂ ਦੀ ਮਾਰਕੀਟ ਵੈਲਿਊ ਲੱਗਭਗ 33 ਲੱਖ ਕਰੋੜ ਰੁਪਏ ਹੈ।

ਟਾਟਾ ਦੀ ਵੈੱਬਸਾਈਟ ਮੁਤਾਬਕ ਟਾਟਾ ਗਰੁੱਪ ਨੇ ਦੇਸ਼ ਨੂੰ ਪਹਿਲੀ ਵੱਡੀ ਸਟੀਲ ਕੰਪਨੀ, ਪਹਿਲਾ ਲਗਜ਼ਰੀ ਹੋਟਲ ਅਤੇ ਪਹਿਲੀ ਦੇਸੀ ਕੰਜ਼ਿਊਮਰ ਗੁੱਡਜ਼ ਕੰਪਨੀ ਵੀ ਦਿੱਤੀ ਸੀ।

ਟਾਟਾ ਗਰੁੱਪ ਨੇ ਹੀ ਦੇਸ਼ ਦੀ ਪਹਿਲੀ ਏਅਰਲਾਈਨ ਕੰਪਨੀ ਟਾਟਾ ਏਅਰਲਾਈਨਜ਼ ਵੀ ਦਿੱਤੀ ਹੈ, ਜੋ ਬਾਅਦ ’ਚ ਬਦਲ ਕੇ ਏਅਰ ਇੰਡੀਆ ਹੋ ਗਈ। ਇਹੀ ਨਹੀਂ, ਦੇਸ਼ ਦੀ ਆਜ਼ਾਦੀ ਦੇ ਵੇਲੇ ਤੋਂ ਵੀ ਟਾਟਾ ਦੀ ਪਾਵਰ ਦਾ ਬੋਲਬਾਲਾ ਸੀ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਦੇਸ਼ ਨੂੰ ਟਾਟਾ ਮੋਟਰਜ਼ ਵੱਲੋਂ ਬਣੇ ਟਰੱਕ ਮਿਲਣ ਲੱਗੇ ਸਨ।

ਰਤਨ ਟਾਟਾ ਦੀ ਪਾਵਰ ਦਾ ਕਮਾਲ–

ਜਦੋਂ 1991 ’ਚ ਰਤਨ ਟਾਟਾ, ਗਰੁੱਪ ਦੇ ਚੇਅਰਮੈਨ ਬਣੇ ਤਾਂ ਉਨ੍ਹਾਂ ਦੁਨੀਆ ਭਰ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਬਦੌਲਤ ਕਈ ਵਿਦੇਸ਼ੀ ਕੰਪਨੀਆਂ ਭਾਰਤ ਵਿਚ ਆਈਆਂ ਅਤੇ ਟਾਟਾ ਗਰੁੱਪ ਨੂੰ ਵਿਦੇਸ਼ਾਂ ਵਿਚ ਪਛਾਣ ਮਿਲੀ। ਰਤਨ ਟਾਟਾ ਦੀ ਲੀਡਰਸ਼ਿਪ ’ਚ ਟਾਟਾ ਗਰੁੱਪ ਨੇ ਟੈਟਲੀ ਟੀ ਨੂੰ ਐਕਵਾਇਰ ਕੀਤਾ।

ਇਸ ਤੋਂ ਇਲਾਵਾ ਅੱਜ ਹਰ ਕਿਸੇ ਦੀ ਜ਼ੁਬਾਨ ’ਤੇ ਛਾ ਜਾਣ ਵਾਲੀ ਬੀਮਾ ਕੰਪਨੀ ਏ. ਆਈ. ਜੀ. ਨਾਲ ਉਨ੍ਹਾਂ ਬੋਸਟਨ ’ਚ ਜੁਆਇੰਟ ਵੈਂਚਰ ਦੇ ਤੌਰ ’ਤੇ ਟਾਟਾ ਏ. ਆਈ. ਜੀ. ਨਾਂ ਦੀ ਬੀਮਾ ਕੰਪਨੀ ਸ਼ੁਰੂ ਕੀਤੀ। ਉਨ੍ਹਾਂ ਯੂਰਪ ਦੀ ਕੋਰਸ ਸਟੀਲ ਤੇ ਜੇ. ਐੱਲ. ਆਰ. ਨੂੰ ਵੀ ਐਕਵਾਇਰ ਕੀਤਾ।

ਤਬਦੀਲੀਆਂ ਨਾਲ ਮਿਲੀ ਉਡਾਣ–

ਟਾਟਾ ਗਰੁੱਪ ਦਾ ਚੇਅਰਮੈਨ ਬਣਨ ਤੋਂ ਬਾਅਦ ਰਤਨ ਟਾਟਾ ਨੇ ਮੈਨੇਜਮੈਂਟ ਦੇ ਪੁਰਾਣੇ ਨਿਯਮਾਂ ਵਿਚ ਵੱਡੀਆਂ ਤਬਦੀਲੀਆਂ ਕਰ ਕੇ ਨਵੇਂ ਨਿਯਮ ਲਾਗੂ ਕੀਤੇ। ਉਨ੍ਹਾਂ ਸਮਝ ਲਿਆ ਕਿ ਟਾਟਾ ਗਰੁੱਪ ਨੂੰ ਵੱਡਾ ਬਣਾਉਣ ਲਈ ਇਸ ਨੂੰ ਸੇਧ ਦੇਣ ਦੀ ਲੋੜ ਹੈ। ਉਨ੍ਹਾਂ ਸਭ ਤੋਂ ਪਹਿਲਾਂ ਕੰਪਨੀਆਂ ਵਿਚ ਟਾਟਾ ਸੰਜ਼ ਦੀ ਹਿੱਸੇਦਾਰੀ ਵਧਾ ਕੇ ਘੱਟੋ-ਘੱਟ 26 ਫੀਸਦੀ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਗਰੁੱਪ ਵਿਚ ਜੋਸ਼ ਭਰਨ ਅਤੇ ਇਕ ਦਿਸ਼ਾ ਦੇਣ ਦੀ ਪਹਿਲ ਕੀਤੀ।

ਤਬਦੀਲੀ ਲਿਆਉਣ ਦੀ ਕੋਸ਼ਿਸ਼ ’ਚ ਰਤਨ ਟਾਟਾ ਨੇ ਕੁਝ ਬਿਜ਼ਨੈੱਸ ਨੂੰ ਵੇਚਣ ਦਾ ਫੈਸਲਾ ਕੀਤਾ। ਉਨ੍ਹਾਂ ਸੀਮੈਂਟ ਕੰਪਨੀ ਏ. ਸੀ. ਸੀ., ਕਾਸਮੈਟਿਕਸ ਕੰਪਨੀ ਲੈਕਮੇ ਤੇ ਟੈਕਸਟਾਈਲ ਬਿਜ਼ਨੈੱਸ ਨੂੰ ਵੇਚ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਗਰੁੱਪ ਕੰਪਨੀਆਂ ਤੋਂ ਰਾਇਲਟੀ ਫੀਸ ਲੈਣੀ ਸ਼ੁਰੂ ਕਰ ਦਿੱਤੀ। ਇਹ ਰਾਇਲਟੀ ਫੀਸ ਟਾਟਾ ਨਾਂ ਦੀ ਵਰਤੋਂ ਕਰਨ ਲਈ ਹੋਲਡਿੰਗ ਕੰਪਨੀ ਟਾਟਾ ਸੰਜ਼ ਨੂੰ ਦਿੱਤੀ ਜਾਂਦੀ ਹੈ।

ਵਿਦੇਸ਼ਾਂ ’ਚ ਵੀ ਫੈਲਿਆ ਕਾਰੋਬਾਰ–

ਰਤਨ ਟਾਟਾ ਨੇ ਟਾਟਾ ਗਰੁੱਪ ਦੇ ਬਿਜ਼ਨੈੱਸ ਨੂੰ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਫੈਲਾਉਣ ਦਾ ਕੰਮ ਕੀਤਾ। ਅੱਜ ਟਾਟਾ ਗਰੁੱਪ ਚਾਹ ਤੋਂ ਲੈ ਕੇ ਆਈ. ਟੀ. ਸੈਕਟਰ ਵਿਚ ਵੱਡਾ ਨਾਂ ਬਣ ਗਿਆ ਹੈ ਪਰ ਅਸਲ ’ਚ ਟਾਟਾ ਦਾ ਸੁਪਨਾ ਸਾਲ 2009 ’ਚ ਪੂਰਾ ਹੋਇਆ ਜਦੋਂ ਟਾਟਾ ਮੋਟਰਜ਼ ਨੇ ਦੇਸ਼ ਵਿਚ ਪਹਿਲੀ ਸਭ ਤੋਂ ਸਸਤੀ ਤੇ ਅਫੋਰਡੇਬਲ ਕਾਰ ਨੈਨੋ ਨੂੰ ਮਾਰਕੀਟ ਵਿਚ ਲਾਂਚ ਕੀਤਾ।

ਟਾਟਾ ਨੇ ਹਰ ਵਰਗ ਦੇ ਵਿਅਕਤੀ ਨੂੰ ਧਿਆਨ ਵਿਚ ਰੱਖ ਕੇ ਕਾਰ ਬਾਜ਼ਾਰ ਵਿਚ ਉਤਾਰੀ, ਜਿਸ ਦੀ ਕੀਮਤ ਸਿਰਫ ਇਕ ਲੱਖ ਰੁਪਏ ਸੀ। ਹਾਲਾਂਕਿ ਕੁਝ ਕੰਟਰੋਵਰਸੀ ਕਾਰਨ ਇਹ ਕਾਰ ਬਾਜ਼ਾਰ ਵਿਚ ਓਨੀ ਨਹੀਂ ਚੱਲੀ।

ਹੋਟਲ ਦਾ ਆਈਡੀਆ ਕਿੱਥੋਂ ਆਇਆ?–

ਭਾਰਤ ਦੇ ਕਾਰੋਬਾਰੀ ਅਤੇ ਰਤਨ ਟਾਟਾ ਦੇ ਪੜਦਾਦਾ ਜਮਸ਼ੇਦ ਜੀ ਟਾਟਾ ਜਦੋਂ ਮੁੰਬਈ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਗਏ ਤਾਂ ਉਨ੍ਹਾਂ ਦੇ ਰੰਗ ਕਾਰਨ ਉਨ੍ਹਾਂ ਨੂੰ ਹੋਟਲ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਸੇ ਸਮੇਂ ਉਨ੍ਹਾਂ ਸੋਚ ਲਿਆ ਕਿ ਉਹ ਭਾਰਤੀਆਂ ਲਈ ਇਸ ਨਾਲੋਂ ਵੀ ਚੰਗਾ ਹੋਟਲ ਬਣਾਉਣਗੇ ਅਤੇ 1903 ’ਚ ਟਾਟਾ ਗਰੁੱਪ ਨੇ ਮੁੰਬਈ ’ਚ ਸਭ ਤੋਂ ਖੂਬਸੂਰਤ ਤਾਜ ਮਹਿਲ ਪੈਲੇਸ ਹੋਟਲ ਤਿਆਰ ਕੀਤਾ। ਇਹ ਮੁੰਬਈ ਦਾ ਪਹਿਲਾ ਅਜਿਹਾ ਹੋਟਲ ਸੀ, ਜਿਸ ਵਿਚ ਬਿਜਲੀ, ਅਮਰੀਕੀ ਪੱਖਾ ਤੇ ਜਰਮਨ ਲਿਫਟ ਸੀ।

ਇਸੇ ਤਰ੍ਹਾਂ ਉਨ੍ਹਾਂ ਨੂੰ ਲੈਂਕਸ਼ਾਇਰ ਕਾਟਨ ਮਿੱਲ ਦੀ ਵੀ ਸਮਰੱਥਾ ਦਾ ਅੰਦਾਜ਼ਾ ਹੋਇਆ ਅਤੇ ਇਸ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ 1877 ’ਚ ਭਾਰਤ ਦੀ ਪਹਿਲੀ ਕੱਪੜਾ ਮਿੱਲ ਖੋਲ੍ਹ ਦਿੱਤੀ। 1907 ’ਚ ਟਾਟਾ ਸਟੀਲ ਨੇ ਉਤਪਾਦਨ ਸ਼ੁਰੂ ਕਰ ਦਿੱਤਾ।


author

Harinder Kaur

Content Editor

Related News