ਬਾਜ਼ਾਰ 'ਚ ਗਿਰਾਵਟ ਜਾਰੀ ਰਹਿਣ ਦੇ ਆਸਾਰ, ਹਫ਼ਤੇ 'ਚ ਸੈਂਸੈਕਸ ਇੰਨਾ ਟੁੱਟਾ

04/25/2021 4:19:48 PM

ਮੁੰਬਈ- ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਲਗਾਤਾਰ ਤੀਜੀ ਹਫ਼ਤਾਵਾਰੀ ਗਿਰਾਵਟ ਦੇਖੀ ਗਈ ਅਤੇ ਜਿਸ ਰਫ਼ਤਾਰ ਨਾਲ ਨਵੇਂ ਕੋਵਿਡ ਸੰਕ੍ਰਮਿਤਾਂ ਦੀ ਗਿਣਤੀ ਵੱਧ ਰਹੀ ਹੈ, ਆਉਣ ਵਾਲੇ ਹਫ਼ਤੇ ਵਿਚ ਬਾਜ਼ਾਰ ਵਿਚ ਗਿਰਾਵਟ ਰਹਿਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਵਿਧਾਨ ਸਭਾ ਚੋਣਾਂ ਦੀ ਸਥਿਤੀ 'ਤੇ ਵੀ ਹੈ।

ਉੱਥੇ ਹੀ, 27 ਤੇ 28 ਤਾਰੀਖ਼ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਅਤੇ ਅਰਥਵਿਵਸਥਾ ਨੂੰ ਲੈ ਕੇ ਬੈਠਕ ਹੋਣੀ ਹੈ। ਫੈਡ ਦੇ ਬਿਆਨ ਦਾ ਅਸਰ ਵੀ ਬਾਜ਼ਾਰ 'ਤੇ ਹੋਵੇਗਾ।

ਇਸ ਤੋਂ ਪਹਿਲਾਂ, ਪਿਛਲੇ ਹਫਤੇ ਸ਼ੇਅਰ ਬਾਜ਼ਾਰ ਗਿਰਾਵਟ ਵਿਚ ਰਹੇ। ਬੁੱਧਵਾਰ ਨੂੰ ਰਮਨੌਮੀ ਦੀ ਛੁੱਟੀ ਹੋਣ ਕਾਰਨ ਬਾਜ਼ਾਰ ਵਿਚ ਚਾਰ ਦਿਨ ਕਾਰੋਬਾਰ ਹੋਇਆ। ਇਸ ਹਫ਼ਤੇ ਸੈਂਸੈਕਸ 953.58 ਅੰਕ ਯਾਨੀ 1.93 ਫ਼ੀਸਦੀ ਦੀ ਹਫ਼ਤਾਵਾਰੀ ਗਿਰਾਵਟ ਨਾਲ ਟੁੱਟ ਕੇ 47,878.45 'ਤੇ ਰਿਹਾ। ਨਿਫਟੀ ਵੀ ਹਫ਼ਤੇ ਦੌਰਾਨ 276.50 ਅੰਕ ਯਾਨੀ 1.89 ਫ਼ੀਸਜੀ ਡਿੱਗਾ ਹੈ ਅਤੇ ਇਹ 14,341.35 'ਤੇ ਹੈ। ਪਿਛਲੇ ਹਫ਼ਤੇ ਵੀਰਵਾਰ ਨੂੰ ਛੱਡ ਕੇ ਬਾਕੀ ਤਿੰਨ ਕਾਰੋਬਾਰੀ ਦਿਨਾਂ ਵਿਚ ਦੋਵੇਂ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਬੀ. ਐੱਸ. ਈ. ਮਿਡਕੈਪ ਇਸ ਦੌਰਾਨ 1.01 ਫ਼ੀਸਦੀ ਲੁੜਕ ਕੇ 19,953.19 'ਤੇ, ਜਦੋਂ ਕਿ ਸਮਾਲਕੈਪ 0.06 ਫ਼ੀਸਦੀ ਦੀ ਗਿਰਾਵਟ ਨਾਲ 21,005.01 ਰਹਿ ਗਿਆ।


Sanjeev

Content Editor

Related News