ਸੈਟ ਨੇ ਫ੍ਰੈਂਕਲਿਨ ਟੈਂਪਲਟਨ ਖਿਲਾਫ ਸੇਬੀ ਦੇ ਆਦੇਸ਼ ’ਤੇ ਲਗਾਈ ਰੋਕ
Monday, Jun 28, 2021 - 06:23 PM (IST)
ਨਵੀਂ ਦਿੱਲੀ (ਭਾਸ਼ਾ) – ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਨੇ ਫ੍ਰੈਂਕਲਿਨ ਟੈਂਪਲਟਨ ਅਸੈਟ ਮੈਨੇਜਮੈਂਟ (ਇੰਡੀਆ) ਖਿਲਾਫ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਆਦੇਸ਼ ’ਤੇ ਰੋਕ ਲਗਾ ਦਿੱਤੀ ਹੈ। ਸੇਬੀ ਨੇ ਜਾਇਦਾਦ ਪ੍ਰਬੰਧਨ ਕੰਪਨੀ ’ਤੇ ਦੋ ਸਾਲ ਤੱਕ ਕੋਈ ਨਵਾਂ ਕਰਜ਼ਾ ਜਾਂ ਬਾਂਡ ਯੋਜਨਾ ਸ਼ੁਰੂ ਕਰਨ ’ਤੇ ਰੋਕ ਲਗਾਈ ਸੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਰੈਗੂਲੇਟਰ ਨੇ ਫ੍ਰੈਂਕਲਿਨ ਟੈਂਪਲਟਨ ਤੋਂ 512 ਕਰੋੜ ਰੁਪਏ ਦਾ ਨਿਵੇਸ਼ ਪ੍ਰਬੰਧਨ ਅਤੇ ਸਲਾਹ ਲਈ ਫੀਸ ਵਿਆਜ ਸਮੇਤ ਮੋੜਨ ਨੂੰ ਕਿਹਾ ਸੀ। ਕੰਪਨੀ ਨੇ ਇਹ ਰਾਸ਼ੀ ਛੇ ਬੰਦ ਹੋ ਚੁੱਕੀਆਂ ਬਾਂਡ ਯੋਜਨਾਵਾਂ ਦੇ ਸੰਦਰਭ ’ਚ ਜੁਟਾਈ ਸੀ। ਫ੍ਰੈਂਕਲਿਨ ਟੈਂਪਲਟਨ ਦੇ ਬੁਲਾਰੇ ਨੇ ਕਿਹਾ ਕਿ ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਵਲੋਂ ਸੱਤ ਜੂਨ 2021 ਨੂੰ ਜਾਰੀ ਆਦੇਸ਼ ਨੂੰ ਕੰਪਨੀ ਨੇ ਸੈਟ ’ਚ ਚੁਣੌਤੀ ਦਿੱਤੀ ਸੀ। ਦੋਹਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਸੈਟ ਨੇ ਸੇਬੀ ਦੇ ਆਦੇਸ਼ ’ਤੇ ਰੋਕ ਲਗਾ ਦਿੱਤੀ ਹੈ। ਬੁਲਾਰੇ ਨੇ ਕਿਹਾਕਿ ਅੱਗੇ ਦੇ ਨਿਰਦੇਸ਼ਾਂ ਲਈ ਇਸ ਮਾਮਲੇ ’ਤੇ ਅਗਲੀ ਸੁਣਵਾਈ 30 ਅਗਸਤ 2021 ਨੂੰ ਹੋਵੇਗੀ। ਫ੍ਰੈਂਕਲਿਨ ਟੈਂਪਲਟਨ ਮਿਊਚਲ ਫੰਡ ਨੇ ਨਿਕਾਸੀ ਦਬਾਅ ਦਾ ਹਵਾਲਾ ਦਿੰਦੇ ਹੋਏ 23 ਅਪ੍ਰੈਲ 2020 ਨੂੰ ਆਪਣੀਆਂ ਛੇ ਬਾਂਡ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਸੀ।