ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 250 ਅੰਕਾਂ ਤੋਂ ਵੀ ਜ਼ਿਆਦਾ ਹੇਠਾਂ ਡਿੱਗਿਆ

10/22/2020 11:12:25 AM

ਮੁੰਬਈ (ਪੀ. ਟੀ.) - ਕੌਮਾਂਤਰੀ ਬਾਜ਼ਾਰਾਂ ਵਿਚ ਨਰਮੀ ਵਿਚਕਾਰ ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇੰਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਗਿਰਾਵਟ ਵਿਚ ਰਹਿਣ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 250 ਅੰਕਾਂ ਤੋਂ ਵੀ ਹੇਠਾਂ ਡਿੱਗ ਗਿਆ। ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 279.13 ਅੰਕ ਭਾਵ 0.69 ਫੀਸਦੀ ਦੀ ਗਿਰਾਵਟ ਨਾਲ 40,428.18 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ 80.05 ਅੰਕ ਯਾਨੀ 0.67 ਫੀਸਦੀ ਦੀ ਗਿਰਾਵਟ ਨਾਲ 11,857.60 ਅੰਕਾਂ 'ਤੇ ਸੀ।

ਸੈਂਸੈਕਸ ਕੰਪਨੀਆਂ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਸਭ ਤੋਂ ਵਧ ਤਕਰੀਬਨ ਦੋ ਪ੍ਰਤੀਸ਼ਤ ਦੀ ਗਿਰਾਵਟ ਵਿਚ ਰਿਹਾ। ਇਸਦੇ ਨਾਲ ਹੀ ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਪਾਵਰਗ੍ਰਿਡ, ਨੇਸਲ ਇੰਡੀਆ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਸ਼ੇਅਰ ਵੀ ਗਿਰਾਵਟ ਵਿਚ ਰਹੇ। ਦੂਜੇ ਪਾਸੇ ਬਜਾਜ ਫਿਨਸਰਵਰ, ਬਜਾਜ ਫਾਈਨੈਂਸ, ਭਾਰਤੀ ਏਅਰਟੈਲ, ਐਲ.ਐਂਡ.ਟੀ. ਅਤੇ ਅਲਟਰਾ ਟੈਕ ਸੀਮੈਂਟ ਦੇ ਸ਼ੇਅਰਾਂ 'ਚ ਤੇਜ਼ੀ ਰਹੀ। 

ਪਿਛਲੇ ਸੈਸ਼ਨ 'ਚ ਸੈਂਸੈਕਸ 162.94 ਅੰਕ ਭਾਵ 0.40 ਫੀਸਦੀ ਦੀ ਤੇਜ਼ੀ ਨਾਲ 40,707.31 ਅੰਕ 'ਤੇ ਸੀ। ਐੱਨ.ਐੱਸ.ਈ ਨਿਫਟੀ 40.85 ਅੰਕ ਭਾਵ 0.34 ਪ੍ਰਤੀਸ਼ਤ ਦੇ ਵਾਧੇ ਨਾਲ 11,937.65 ਦੇ ਪੱਧਰ 'ਤੇ ਬੰਦ ਹੋਇਆ ਸੀ। 

ਸਟਾਕ ਮਾਰਕੀਟ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ ਪੀ ਆਈ) ਨੇ ਬੁੱਧਵਾਰ ਨੂੰ ਸ਼ੁੱਧ ਅਧਾਰ 'ਤੇ 2,108.48 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ। ਗਲੋਬਲ ਫਰੰਟ 'ਤੇ ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗ ਕਾਂਗ ਦਾ ਹੈਂਗਸੈਂਗ, ਜਪਾਨ ਦੀ ਨਿੱਕਕੀ ਅਤੇ ਦੱਖਣੀ ਕੋਰੀਆ ਦੀ ਕੋਸਪੀ ਗਿਰਾਵਟ ਵਿਚ ਸੀ।

ਯੂ ਐਸ ਦੇ ਵਾਲ ਸਟ੍ਰੀਟ ਵਿਚ ਸਟਾਕ ਬਾਜ਼ਾਰ ਰਾਤ ਨੂੰ ਡਿੱਗ ਕੇ ਬੰਦ ਹੋਏ। ਇਸ ਦੌਰਾਨ ਕੱਚੇ ਤੇਲ ਦਾ ਅੰਤਰਰਾਸ਼ਟਰੀ ਮਿਆਰ ਬ੍ਰੈਂਟ ਕਰੂਡ 0.50 ਪ੍ਰਤੀਸ਼ਤ ਦੀ ਗਿਰਾਵਟ ਨਾਲ ਪ੍ਰਤੀ ਬੈਰਲ 41.52 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।


Harinder Kaur

Content Editor

Related News