ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਚੜਿ੍ਹਆ
Monday, Dec 28, 2020 - 12:21 PM (IST)
ਮੁੰਬਈ — ਵਿਦੇਸ਼ੀ ਫੰਡਾਂ ਦੀ ਨਿਰੰਤਰ ਪ੍ਰਵਾਹ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਚਾਰ ਪੈਸੇ ਚੜ੍ਹ ਕੇ ਅਮਰੀਕੀ ਡਾਲਰ ਦੇ ਮੁਕਾਬਲੇ 73.51 ਦੇ ਪੱਧਰ ’ਤੇ ਪਹੁੰਚ ਗਿਆ। ਵਪਾਰੀਆਂ ਅਨੁਸਾਰ ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੀ ਕਮਜ਼ੋਰੀ ਨੇ ਵੀ ਰੁਪਏ ਨੂੰ ਮਜ਼ਬੂਤ ਕੀਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਯੂਨਿਟ ਅਮਰੀਕੀ ਡਾਲਰ ਦੇ ਮੁਕਾਬਲੇ 73.52 ਦੇ ਪੱਧਰ ’ਤੇ ਖੁੱਲਿ੍ਹਆ ਅਤੇ ਫਿਰ ਇਹ 73.51 ਦੇ ਪੱਧਰ ’ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਕੀਮਤ ਨਾਲੋਂ ਚਾਰ ਪੈਸੇ ਦੇ ਵਾਧੇ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.55 ਦੇ ਪੱਧਰ ’ਤੇ ਬੰਦ ਹੋਇਆ ਸੀ। ਫਾਰੇਕਸ ਅਤੇ ਇਕਵਿਟੀ ਬਾਜ਼ਾਰ ਕ੍ਰਿਸਮਸ ਦੇ ਕਾਰਨ ਸ਼ੁੱਕਰਵਾਰ ਨੂੰ ਬੰਦ ਰਹੇ ਸਨ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.05 ਪ੍ਰਤੀਸ਼ਤ ਦੀ ਗਿਰਾਵਟ ਨਾਲ 90.18 ’ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਕੁੱਲ ਆਧਾਰ ’ਤੇ 1,225.69 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 0.43% ਦੀ ਗਿਰਾਵਟ ਦੇ ਨਾਲ 51.07 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।