ਰੀਅਲ ਅਸਟੇਟ ਖੇਤਰ 2030 ਤੱਕ 1000 ਅਰਬ ਡਾਲਰ ਦਾ ਹੋ ਜਾਏਗਾ : ਕਾਂਤ

Saturday, Oct 23, 2021 - 11:13 AM (IST)

ਰੀਅਲ ਅਸਟੇਟ ਖੇਤਰ 2030 ਤੱਕ 1000 ਅਰਬ ਡਾਲਰ ਦਾ ਹੋ ਜਾਏਗਾ : ਕਾਂਤ

ਨਵੀਂ ਦਿੱਲੀ (ਭਾਸ਼ਾ) – ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਅਰਥਵਿਵਸਥਾ ਦੇ ਵਿਕਾਸ ’ਚ ਵੱਡੀ ਭੂਮਿਕਾ ਨਿਭਾਉਂਦਾ ਹੈ ਅਤੇ 2030 ਤੱਕ ਇਸ ਦਾ ਬਾਜ਼ਾਰ 1000 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 18-20 ਫੀਸਦੀ ਹੈ। ਉਦਯੋਗ ਮੰਡਲ ਸੀ. ਆਈ. ਆਈ. ਵਲੋਂ ਆਨਲਾਈਨ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਾਂਤ ਨੇ ਕਿਹਾ ਕਿ ਪਿਛਲੇ 18 ਮਹੀਨੇ ਦੇਸ਼ ਅਤੇ ਆਮ ਤੌਰ ’ਤੇ ਅਰਥਵਿਵਸਥਾ ਲਈ ਚੁਣੌਤੀਪੂਰਨ ਰਹੇ ਹਨ ਅਤੇ ਰੀਅਲ ਅਸਟੇਟ ਖੇਤਰ ਵੀ ਇਸ ਤੋਂ ਅਣਛੋਹਿਆ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਕ ਉਮੀਦ ਦੀ ਕਿਰਨ ਵੀ ਹੈ। ਟੀਕਾਕਰਨ ਦਰ ਵਧ ਗਈ ਹੈ ਅਤੇ ਇਨਫੈਕਸ਼ਨ ਹੌਲੀ-ਹੌਲੀ ਘੱਟ ਹੋ ਰਹੀ ਹੈ। ਕਾਂਤ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਅਤੇ ਇਸ ਦੇ ਹਿੱਤਧਾਰਕ ਸਰਕਾਰ ਦੀ ‘ਸਾਰਿਆਂ ਲਈ ਆਵਾਸ’ ਪਹਿਲ ਨੂੰ ਸਹਿਯੋਗ ਕਰਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਅਰਥਵਿਵਸਥਾ ਅਤੇ ਦੇਸ਼ ਦੇ ਵਾਤਾਵਰਣ ਦੇ ਵਿਕਾਸ ’ਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ। ਕਾਂਤ ਨੇ ਕਿਹਾ ਕਿ ਭਾਰਤੀ ਸਕਿਓਰਿਟੀ ਅਤੇ ਰੈਗੂਲੇਟਰ ਬੋਰਡ (ਸੇਬੀ) ਪਹਿਲਾਂ ਹੀ ਰੀਅਲ ਅਸਟੇਟ ਨਿਵੇਸ਼ ਟਰੱਸਟ (ਰੀਟ) ਲਈ ਆਪਣੀ ਮਨਜ਼ੂਰੀ ਦੇ ਚੁੱਕਾ ਹੈ ਜੋ ਆਉਣ ਵਾਲੇ ਸਾਲਾਂ ’ਚ 1.25 ਲੱਖ ਕਰੋੜ ਰੁਪਏ ਦਾ ਮੌਕਾ ਪੈਦਾ ਕਰੇਗਾ।


author

Harinder Kaur

Content Editor

Related News