ਟਮਾਟਰ ਅਤੇ ਪਿਆਜ਼ ਦੇ ਰੇਟ ਬੇਕਾਬੂ, ਹੋਰ ਵੀ ਵਧਣ ਦਾ ਖਦਸ਼ਾ

08/24/2019 11:12:50 AM

ਨਵੀਂ ਦਿੱਲੀ  — ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਦੀ ਵਜ੍ਹਾ ਨਾਲ ਸਪਲਾਈ ਪ੍ਰਭਾਵਿਤ ਹੋਣ ਕਾਰਣ ਇਸ ਹਫਤੇ ਪੰਜਾਬ ਅਤੇ ਹਰਿਆਣਾ ’ਚ ਟਮਾਟਰ ਅਤੇ ਪਿਆਜ਼ ਦਾ ਮੁੱਲ ਦੁੱਗਣਾ ਹੋ ਕੇ ਕ੍ਰਮਵਾਰ 80 ਅਤੇ 50 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਏ। ਵਪਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਨ੍ਹਾਂ 2 ਸੂਬਿਆਂ ਦੇ ਨਾਲ-ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਣ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਮਟਰ, ਫੁੱਲਗੋਭੀ ਅਤੇ ਫਲੀਆਂ (ਬੀਨਸ) ਵਰਗੀਆਂ ਹੋਰ ਮੁੱਖ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਭਾਰੀ ਵਾਧਾ ਹੋਇਅਾ ਹੈ। ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਕੀਮਤਾਂ ’ਚ ਹੋਰ ਵੀ ਜ਼ਿਆਦਾ ਵਾਧਾ ਹੋਣ ਦਾ ਖਦਸ਼ਾ ਰਹੇਗਾ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਅਤੇ ਉਨ੍ਹਾਂ ਦੀ ਰਾਜਧਾਨੀ ਚੰਡੀਗੜ੍ਹ ’ਚ ਪਿਆਜ਼ ਦਾ ਪ੍ਰਚੂਨ ਮੁੱਲ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਉਥੇ ਹੀ ਕੁੱਝ ਵਪਾਰੀਆਂ ਨੇ ਕਿਹਾ ਹੈ ਕਿ ਸਿਰਫ ਇਕ ਹਫਤੇ ਪਹਿਲਾਂ ਪਿਆਜ਼ 20-25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਅਤੇ ਹੁਣ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਮਹਾਰਾਸ਼ਟਰ, ਜਿੱਥੋਂ ਭਾਰੀ ਮਾਤਰਾ ’ਚ ਪਿਆਜ਼ ਦੀ ਸਪਲਾਈ ਹੁੰਦੀ ਹੈ, ਉੱਥੋਂ ਦੇਸ਼ ਦੇ ਉੱਤਰੀ ਹਿੱਸਿਆਂ ’ਚ ਪਿਆਜ਼ ਦੀ ਸਪਲਾਈ ’ਚ ਕਮੀ ਆਈ ਹੈ। ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ’ਚ ਹਾਲ ਹੀ ’ਚ ਹੜ੍ਹ ਆਇਆ ਹੈ। ਇਸ ਨਾਲ ਸੈਂਕੜੇ ਏਕਡ਼ ਫਸਲ ਵਾਲੇ ਖੇਤਾਂ ਨੂੰ ਜਲ-ਥਲ ਹੁੰਦੇ ਵੇਖਿਆ ਗਿਆ।

ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ

ਉਥੇ ਹੀ ਦੂਜੇ ਪਾਸੇ ਵਪਾਰੀਆਂ ਨੇ ਕਿਹਾ ਕਿ ਟਮਾਟਰ ਦੇ ਮੁੱਲ 40 ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋ, ਮਟਰ 90 ਤੋਂ ਵਧ ਕੇ 120, ਫੁੱਲਗੋਭੀ 60-70 ਤੋਂ ਵਧ ਕੇ 100, ਫਲੀ ਦੀ ਕੀਮਤ 50 ਤੋਂ ਵਧ ਕੇ 90 ਰੁਪਏ ਕਿਲੋ ਹੋ ਗਈ। ਉਨ੍ਹਾਂ ਕਿਹਾ ਕਿ ਕੱਦੂ ਪਹਿਲਾਂ 40 ਰੁਪਏ ਕਿਲੋ ਸੀ, ਜੋ ਵਧ ਕੇ 50 ਰੁਪਏ ਕਿਲੋ ਹੋ ਗਿਆ, ਜਦੋਂਕਿ ਗਾਜਰ ਦਾ ਭਾਅ 40 ਤੋਂ ਵਧ ਕੇ 60, ਭਿੰਡੀ 40 ਦੀ ਜਗ੍ਹਾ ਹੁਣ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


Related News