ਜਨਤਕ ਬੈਂਕਾਂ ਦਾ ਹੋਵੇ ਨਿਜੀਕਰਨ : ਪਨਗੜੀਆ

Tuesday, Mar 27, 2018 - 09:21 AM (IST)

ਜਨਤਕ ਬੈਂਕਾਂ ਦਾ ਹੋਵੇ ਨਿਜੀਕਰਨ : ਪਨਗੜੀਆ

ਨਵੀਂ ਦਿੱਲੀ—ਨੀਤੀ ਆਯੋਗ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਅਰਵਿੰਦ ਪਨਗੜੀਆ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਉਨ੍ਹਾਂ ਜਨਤਕ ਖੇਤਰ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਇਸ ਦਾਇਰੇ ਤੋਂ ਬਾਹਰ ਰੱਖਣ 'ਤੇ ਜ਼ੋਰ ਦਿੱਤਾ ਹੈ।
ਮੌਜੂਦਾ 'ਚ ਕੋਲੰਬੀਆ ਯੂਨੀਵਰਸਿਟੀ (ਅਮਰੀਕਾ) 'ਚ ਅਰਥ ਸ਼ਾਸਤਰ ਦੇ ਲੈਕਚਰਾਰ ਪਨਗੜੀਆ ਨੇ ਕਿਹਾ ਕਿ ਜਨਤਕ ਬੈਂਕਾਂ 'ਚ ਘਪਲੇ ਤੇ ਵਧਦੇ ਫਸੇ ਕਰਜ਼ (ਐੱਨ. ਪੀ. ਏ.) ਦੀ ਬਹੁਤਾਤ ਉਨ੍ਹਾਂ ਦੇ ਨਿਜੀਕਰਨ ਦੇ ਬਹੁਤ ਸਾਰੇ ਕਾਰਨਾਂ 'ਚ ਸਿਰਫ ਇਕ, ਪਰ ਬੇਹੱਦ ਅਹਿਮ ਕਾਰਨ ਹੈ ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਜੋ ਵੀ ਰਾਜਨੀਤਕ ਦਲ ਸਾਲ 2019 'ਚ ਸਰਕਾਰ ਬਣਾਉਣ ਬਾਰੇ ਵਾਕਈ ਗੰਭੀਰ ਹਨ ਉਨ੍ਹਾਂ ਨੂੰ ਜਨਤਕ ਬੈਂਕਾਂ ਦੇ ਨਿਜੀਕਰਨ ਦਾ ਮੁੱਦਾ ਆਪਣੇ ਚੋਣ ਐਲਾਨ ਪੱਤਰ 'ਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਹਾਲ ਹੀ 'ਚ ਹੋਏ ਬੈਂਕਿੰਗ ਫਰਾਡ, ਜਿਸ 'ਚ ਕਰੀਬ 13,000 ਕਰੋੜ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਫਰਾਡ ਸ਼ਾਮਲ ਹੈ, ਦੇ ਸਬੰਧ 'ਚ ਇਹ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਯੋਗਤਾ ਅਤੇ ਉਤਪਾਦਕਤਾ ਦੀ ਗੱਲ ਹ,ੈ ਇਹ ਸਮੇਂ ਦੀ ਮੰਗ ਹੈ ਕਿ ਸਰਕਾਰ ਵੱਡੀ ਗਿਣਤੀ 'ਚ ਬੈਂਕਾਂ ਤੋਂ ਆਪਣਾ ਕੰਟਰੋਲ ਖ਼ਤਮ ਕਰ ਦੇਵੇ। ਇਨ੍ਹਾਂ ਤੱਥਾਂ ਦੇ ਬਾਵਜੂਦ ਕਿ ਜ਼ਿਆਦਾਤਰ ਜਮ੍ਹਾ ਪੂੰਜੀ ਇਨ੍ਹਾਂ ਬੈਂਕਾਂ 'ਚ ਹੈ, ਇਨ੍ਹਾਂ ਦੇ ਬਾਜ਼ਾਰ ਪੂੰਜੀਕਰਨ 'ਚ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ।''

ਅਮਰੀਕਾ ਭਾਰਤ ਦੇ ਵਪਾਰ ਨੂੰ ਹੋਰ ਸਰਲ ਬਣਾਉਣ ਦੀ ਗੱਲ ਕਹਿਣੋਂ ਨਹੀਂ ਝਿਜਕੇਗਾ
ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵਪਾਰ ਦੇ ਮਾਮਲੇ 'ਚ ਭਾਰਤ 'ਤੇ ਨਿਸ਼ਾਨਾ ਵਿੰਨ੍ਹਣ ਬਾਰੇ ਪੁੱਛੇ ਜਾਣ 'ਤੇ ਪਨਗੜੀਆ ਨੇ ਕਿਹਾ ਕਿ ਅਮਰੀਕਾ ਭਾਰਤੀ ਉਤਪਾਦਾਂ ਲਈ ਆਪਣਾ ਬਾਜ਼ਾਰ ਬੰਦ ਕਰੇ, ਇਸ ਤਰ੍ਹਾਂ ਦਾ ਖਤਰਾ ਚੁੱਕਣ ਦੀ ਬਜਾਏ ਉਹ ਭਾਰਤ ਦੇ ਵਪਾਰ ਨੂੰ ਹੋਰ ਸਰਲ ਬਣਾਉਣ ਦੀ ਗੱਲ ਕਹਿਣੋਂ ਨਹੀਂ ਝਿਜਕੇਗਾ। ਨੋਬਲ ਇਨਾਮ ਵਿਜੇਤਾ ਪਾਲ ਕਰੂਗਮੈਂਸ ਦੀ ਹਾਲ ਹੀ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਨੀਤੀ ਆਯੋਗ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ, ''ਵੱਡੀ ਗਿਣਤੀ 'ਚ ਬੇਰੋਜ਼ਗਾਰੀ ਤੋਂ ਬਚਣ ਦੀ ਬਜਾਏ ਉਤਪਾਦਕ ਅਤੇ ਬਿਹਤਰ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਲਈ ਮੇਰਾ ਮੰਨਣਾ ਹੈ ਕਿ ਨਿਰਮਾਣ ਖੇਤਰ ਦਾ ਵਿਕਾਸ ਜ਼ਰੂਰੀ ਹੈ।''
ਭਾਰਤੀ ਅਰਥਵਿਵਸਥਾ ਵਿਸ਼ਾਲ ਆਰਥਿਕ ਮਾਮਲੇ 'ਚ ਸਥਿਰ ਬਣੀ ਰਹੇਗੀ
ਅਰਥਵਿਵਸਥਾ ਦੀ ਕੁਲ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਸ਼ਾਲ ਆਰਥਿਕ ਮਾਮਲੇ 'ਚ ਸਥਿਰ ਬਣੀ ਰਹੇਗੀ। ਉਨ੍ਹਾਂ ਕਿਹਾ, ''ਆਖਰੀ 2 ਤਿਮਾਹੀਆਂ 'ਚ ਜੋ ਅੰਕੜੇ ਉਪਲੱਬਧ ਹਨ, ਭਾਰਤੀ ਅਰਥਵਿਵਸਥਾ 2017-18 ਦੀ ਪਹਿਲੀ ਤਿਮਾਹੀ 'ਚ 5.7 ਫ਼ੀਸਦੀ ਦੇ ਵਾਧੇ ਨਾਲ ਅੱਗੇ ਵਧ ਕੇ ਦੂਜੀ ਤਿਮਾਹੀ 'ਚ 6.5 ਫ਼ੀਸਦੀ ਅਤੇ ਤੀਜੀ ਤਿਮਾਹੀ 'ਚ 7.2 ਫ਼ੀਸਦੀ ਦੀ ਰਫਤਾਰ ਨਾਲ ਅੱਗੇ ਵਧੀ ਹੈ। ਮੇਰਾ ਮੰਨਣਾ ਹੈ ਕਿ ਵਾਧੇ ਦੀ ਰਫ਼ਤਾਰ ਵਧਣ ਦਾ ਸਿਲਸਿਲਾ ਜਾਰੀ ਰਹੇਗਾ।''


Related News