ਇਸ ਸਾਲ ਅਕਤੂਬਰ ਮਹੀਨੇ ਤੱਕ ਜਾਰੀ ਰਹਿ ਸਕਦੀ ਹੈ ਸਬਜ਼ੀਆਂ ਦੀ ਮਹਿੰਗਾਈ, ਨਹੀਂ ਘਟਣਗੇ ਭਾਅ
Saturday, Jul 29, 2023 - 04:48 PM (IST)
ਨਵੀਂ ਦਿੱਲੀ - ਹਿਮਾਚਲ ਵਿਚ ਬੱਦਲ ਫੱਟਣ ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ਾਂ ਕਾਰਨ ਪੰਜਬਾ ਸਮੇਤ ਕਈ ਸੂਬਿਆਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਹੜ੍ਹਾਂ ਅਤੇ ਬਾਰਸ਼ਾਂ ਕਾਰਨ ਸਪਲਾਈ 'ਚ ਰੁਕਾਵਟਾਂ ਪੈਦਾ ਹੋ ਰਹੀ ਹੈ। ਇਸ ਕਾਰਨ ਟਮਾਟਰ ਸਮੇਤ ਕਈ ਹੋਰ ਸਬਜ਼ੀਆਂ ਜਿਵੇਂ ਧਨੀਆ, ਅਦਰਕ, ਲਸਣ, ਫਲੀਆਂ , ਘੀਆ, ਭਿੰਡੀ, ਮਿਰਚਾਂ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਭਾਰਤ ਵਿੱਚ ਜੂਨ ਤੋਂ ਜੁਲਾਈ ਤੱਕ ਇੱਕ ਮਹੀਨੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ 34% ਦਾ ਵਾਧਾ ਹੋਇਆ ਹੈ। ਟਮਾਟਰ 160 ਫੀਸਦੀ ਮਹਿੰਗਾ ਹੋ ਗਿਆ ਹੈ। ਕੇਂਦਰੀ ਖਪਤਕਾਰ ਮਾਮਲੇ ਵਿਭਾਗ ਦੇ ਅੰਕੜਿਆਂ ਮੁਤਾਬਕ 28 ਅਪ੍ਰੈਲ ਤੋਂ 28 ਜੁਲਾਈ ਤੱਕ ਆਲੂ ਦੀਆਂ ਕੀਮਤਾਂ 'ਚ 18 ਫੀਸਦੀ, ਪਿਆਜ਼ ਦੀਆਂ ਕੀਮਤਾਂ 'ਚ 22 ਫੀਸਦੀ ਅਤੇ ਟਮਾਟਰ ਦੀਆਂ ਕੀਮਤਾਂ 'ਚ 424 ਫੀਸਦੀ ਦਾ ਉਛਾਲ ਆਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਉਪਜ ਦੇ ਮੁਕਾਬਲੇ ਪਿਛਲੇ ਕੁਝ ਦਿਨਾਂ ਦਰਮਿਆਨ ਸਪਲਾਈ ਸਿਰਫ਼ 30% ਰਹਿ ਗਈ ਹੈ।
ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ
ਅਰਥ ਸ਼ਾਸਤਰੀਆਂ ਅਨੁਸਾਰ ਪ੍ਰਚੂਨ ਮਹਿੰਗਾਈ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਦਾ ਭਾਰ 6% ਹੈ। ਇਸ ਨਾਲ ਆਮ ਖਪਤਕਾਰਾਂ ਦੀ ਰਸੋਈ 'ਤੇ ਬਹੁਤ ਮਾੜਾ ਅਸਰ ਪਿਆ ਹੈ। ਹਾਲਾਂਕਿ ਸਬਜ਼ੀਆਂ ਦੇ ਭਾਅ ਆਮ ਤੌਰ 'ਤੇ ਅਗਸਤ ਮਹੀਨੇ ਜਦੋਂ ਨਵੀਂ ਫਸਲ ਮੰਡੀ ਵਿੱਚ ਆਉਂਦੀ ਹੈ ਤਾਂ ਘੱਟ ਹੋ ਜਾਂਦੇ ਹਨ, ਪਰ ਇਸ ਸਾਲ ਵਪਾਰੀਆਂ ਨੂੰ ਉਮੀਦ ਹੈ ਕਿ ਅਕਤੂਬਰ ਤੱਕ ਕੀਮਤਾਂ ਉੱਚੀਆਂ ਰਹਿਣਗੀਆਂ। ਇਸ ਦਾ ਕਾਰਨ ਸਪਲਾਈ ਘੱਟ ਹੋਣਾ ਹੋ ਸਕਦਾ ਹੈ।
ਟਮਾਟਰਾਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ
ਟਮਾਟਰ ਦੀ ਵਰਤੋਂ ਆਮ ਤੌਰ 'ਤੇ ਹਰ ਸਬਜ਼ੀ ਵਿਚ ਕੀਤੀ ਜਾਂਦੀ ਹੈ। ਇਸ ਕਾਰਨ ਆਮ ਘਰੇਲੂ ਔਰਤ ਟਮਾਟਰਾਂ ਦੀਆਂ ਕੀਮਤਾਂ ਨੂੰ ਲੈ ਕੇ ਜ਼ਿਆਦਾ ਚਿੰਤਾ ਵਿਚ ਹੈ। ਆਂਧਰਾਂ ਪ੍ਰਦੇਸ਼ ਦੇ ਮਦਨਪੱਲੀ ਸਥਿਤ ਏਸ਼ੀਆਂ ਦੀ ਸਭ ਤੋਂ ਵੱਡੀ ਟਮਾਟਰ ਮੰਡੀ ਦੇ ਵਪਾਰੀਆਂ ਮੁਤਾਬਕ ਅਗਲੇ ਕੁਝ ਹੋਰ ਹਫ਼ਤਿਆਂ ਵਿਚ ਟਮਾਟਰਾਂ ਦੀਆਂ ਕੀਮਤਾਂ ਹੇਠਾਂ ਆਉਣ ਵਾਲੀਆਂ ਨਹੀਂ ਹਨ।
ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਚ ਯਾਤਰੀ ਦੇ ਭੋਜਨ 'ਚ ਮਿਲਿਆ ਕਾਕਰੋਚ, IRCTC ਨੇ ਲਗਾਇਆ 25,000 ਰੁਪਏ ਦਾ ਜੁਰਮਾਨਾ
ਇਸ ਮਹੀਨੇ 7 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ ਮਹਿੰਗਾਈ
ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਨਾਲ ਪ੍ਰਚੂਨ ਮਹਿੰਗਾਈ ਵਧ ਸਕਦੀ ਹੈ। ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਜੁਲਾਈ 'ਚ ਪ੍ਰਚੂਨ ਮਹਿੰਗਾਈ 6.5 ਫੀਸਦੀ ਦੇ ਸੱਤ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ। ਇਸ ਨਾਲ ਇਸ ਸਾਲ ਆਰਬੀਆਈ ਲਈ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਘੱਟ ਸਕਦੀ ਹੈ। ਆਰਬੀਆਈ 2024 ਦੇ ਮੱਧ ਤੱਕ ਵਿਆਜ ਦਰਾਂ ਨੂੰ ਉੱਚਾ ਰੱਖ ਸਕਦਾ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਟਮਾਟਰ ਮੰਡੀ ਦੇ ਵਪਾਰੀਆਂ ਮੁਤਾਬਕ ਅਗਲੇ ਦੋ ਮਹੀਨਿਆਂ ਤੱਕ ਇਹ 100 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਨਹੀਂ ਆਵੇਗਾ। ਟਮਾਟਰ ਉਤਪਾਦਕ ਖੇਤਰਾਂ ਵਿੱਚ ਮੀਂਹ ਕਾਰਨ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਕੁਝ ਥਾਵਾਂ 'ਤੇ ਟਮਾਟਰ ਵਾਹਨਾਂ ਵਿਚ ਪਏ ਹੋਏ ਹੀ ਖ਼ਰਾਬ ਹੋ ਰਹੇ ਹਨ। ਬਾਰਸ਼ਾਂ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਅਮਰੀਕੀ ਅਰਥਵਿਵਸਥਾ ਦਾ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ, ਬੇਰੁਜ਼ਗਾਰੀ ਵੀ ਘਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8