ਸਟੇਨਲੈੱਸ ਸਟੀਲ ਦਾ ਰੇਟ ਹੁਣ ਤੱਕ ਦੇ ਉੱਚ ਪੱਧਰ ’ਤੇ
Saturday, Sep 18, 2021 - 10:35 AM (IST)
ਨਵੀਂ ਦਿੱਲੀ(ਇੰਟ.) – ਸਟੇਨਲੈੱਸ ਸਟੀਲ ਦਾ ਰੇਟ ਵੀਰਵਾਰ ਨੂੰ ਹੁਣ ਤੱਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਇਸ ’ਚ ਲਗਭਗ 7 ਫੀਸਦੀ ਦੀ ਤੇਜ਼ੀ ਆਈ ਸੀ ਅਤੇ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ’ਚ ਇਹ ਲਗਭਗ 2 ਫੀਸਦੀ ਵੱਧ ਸੀ। ਸਟੀਲ ਦੇ ਰੇਟ ’ਚ ਤੇਜੀ਼ ਦਾ ਹਾਲ ਹੀ ਦਾ ਕਾਰਨ ਚੀਨ ’ਚ ਨਿਕੇਲ ਅਤੇ ਪਿਗ ਆਇਰਨ ਦੇ ਉਤਪਾਦਨ ’ਚ ਕਮੀ ਹੋਣ ਦਾ ਖਦਸ਼ਾ ਹੈ। ਇਹ ਸਟੀਲ ਲਈ ਅਹਿਮ ਰਾ ਮਟੀਰੀਅਲ ਹੈ ਅਤੇ ਇਸ ਕਾਰਨ ਸਟੀਲ ਦੇ ਰੇਟ ਵਧੇ ਹਨ।
ਇਸ ਤੋਂ ਇਲਾਵਾ ਘੱਟ ਇਨਵੈਂਟਰੀ, ਚੀਨ ਤੋਂ ਸਪਲਾਈ ਘਟਣ ਅਤੇ ਮੰਗ ’ਚ ਵਾਧੇ ਕਾਰਨ ਵੀ ਸਟੀਲ ਦੇ ਰੇਟ ਵਧ ਰਹੇ ਹਨ। ਪਿਛਲੇ ਮਹੀਨੇ ਚੀਨ ’ਚ ਸਟੀਲ ਦਾ ਉਤਪਾਦਨ ਲਗਭਗ 4 ਫੀਸਦੀ ਘਟਿਆ ਸੀ। ਇਹ ਪਿਛਲੇ ਸਾਲ ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ। ਪਿਛਲੇ ਸਾਲ ਅਗਸਤ ’ਚ ਚੀਨ ’ਚ ਸਟੀਲ ਪ੍ਰੋਡਕਸ਼ਨ 9.48 ਕਰੋੜ ਟਨ ਦਾ ਸੀ ਜੋ ਇਸ ਸਾਲ ਦੇ ਇਸੇ ਮਹੀਨੇ ’ਚ ਘਟ ਕੇ 8.34 ਕਰੋੜ ਰਿਹਾ। ਇਹ ਸਾਲ-ਦਰ-ਸਾਲ ਆਧਾਰ ’ਤੇ ਲਗਭਗ 90 ਲੱਖ ਟਨ ਦੀ ਕਮੀ ਹੈ। ਇਸ ਨਾਲ ਸਟੀਲ ਦੀਆਂ ਕਈ ਕਿਸਮਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸਟੀਲ ਰਿਬਾਰ ਦਾ ਰੇਟ ਇਸ ਸਾਲ 22 ਫੀਸਦੀ ਅਤੇ ਐੱਚ. ਆਰ. ਸੀ. ਸਟੀਲ ਦਾ ਲਗਭਗ 30 ਫੀਸਦੀ ਵਧਿਆ ਹੈ।
ਘੱਟ ਸਕਦੈ ਸਟੀਲ ਦਾ ਉਤਪਾਦਨ
ਸਟੀਲ ਦੀਆਂ ਭਵਿੱਖ ਦੀਆਂ ਕੀਮਤਾਂ ’ਚ ਵੀ ਤੇਜ਼ੀ ਆ ਰਹੀ ਹੈ। ਕਮੋਡਿਟੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੀ ਆਖਰੀ ਤਿਮਾਹੀ ’ਚ ਸਟੀਲ ਦਾ ਉਤਪਾਦਨ ਘੱਟ ਸਕਦਾ ਹੈ। ਇਸ ਨਾਲ ਸਟੀਲ ਦੇ ਰੇਟ ’ਚ ਮਜ਼ਬੂਤੀ ਬਣੀ ਰਹੇਗੀ। ਚੀਨ ’ਚ ਸਟੀਲ ਦਾ ਉਤਪਾਦਨ ਘੱਟ ਹੋਣ ਦਾ ਫਾਇਦਾ ਭਾਰਤੀ ਸਟੀਲ ਕੰਪਨੀਆਂ ਨੂੰ ਮਿਲ ਸਕਦਾ ਹੈ। ਇਨ੍ਹਾਂ ਕੰਪਨੀਆਂ ਲਈ ਬਰਾਮਦ ਬਾਜ਼ਾਰ ’ਚ ਰੇਟ ਵਧ ਸਕਦੇ ਹਨ।