ਅੱਜ ਤੋਂ ਸੰਸਦ ਬਜਟ ਸੈਸ਼ਨ ਦੀ ਸ਼ੁਰੂਆਤ, ਵਿੱਤ ਮੰਤਰੀ ਪੇਸ਼ ਕਰਨਗੇ ਆਰਥਿਕ ਸਰਵੇਖਣ
Monday, Jan 31, 2022 - 11:36 AM (IST)
ਨਵੀਂ ਦਿੱਲੀ - ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਬਜਟ ਸੈਸ਼ਨ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਾਲ 2021-22 ਲਈ ਆਰਥਿਕ ਸਰਵੇਖਣ ਪੇਸ਼ ਕਰੇਗੀ। ਇਸ ਤੋਂ ਬਾਅਦ ਵਿੱਤ ਮੰਤਰੀ 1 ਫਰਵਰੀ ਨੂੰ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰਨਗੇ। ਸਾਲ 2022 ਦਾ ਬਜਟ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ 10ਵਾਂ ਬਜਟ ਹੋਵੇਗਾ, 2019 ਵਿੱਚ ਕੇਂਦਰੀ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਨਿਰਮਲਾ ਸੀਤਾਰਮਨ ਦੀ ਚੌਥੀ ਪੇਸ਼ਕਾਰੀ ਹੋਵੇਗੀ।
ਇਹ ਵੀ ਪੜ੍ਹੋ : ਤੈਅ ਮਿਤੀ ਤੱਕ ਰਿਟਰਨ ਨਾ ਭਰੀ, ਤਾਂ ਚੱਲੇਗਾ ਕੇਸ ਜਾਂ ਹੋ ਸਕਦੀ ਹੈ ਜੇਲ੍ਹ
ਦੂਜੇ ਪਾਸੇ ਅੱਜ ਬਜਟ ਸੰਸਦ ਸੈਸ਼ਨ 'ਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਕੇਸ, ਪੂਰਬੀ ਲੱਦਾਖ 'ਚ ਚੀਨ ਦੀ 'ਘੁਸਪੈਠ' ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਸੋਮਵਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਅਤੇ ਵਿਰੋਧੀ ਪਾਰਟੀ ਵੱਲੋਂ ਜੋ ਵੀ ਮੁੱਦੇ ਉਠਾਏ ਜਾਣਗੇ, ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ। ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸੈਸ਼ਨ ਦੇ ਪਹਿਲੇ ਪੜਾਅ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀਆਂ ਮੀਟਿੰਗਾਂ ਦਿਨ ਦੇ ਵੱਖ-ਵੱਖ ਸਮੇਂ ਹੋਣਗੀਆਂ, ਤਾਂ ਜੋ ਕੋਵਿਡ ਨਾਲ ਸਬੰਧਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਆਰਥਿਕ ਸਮੀਖਿਆ 'ਚ GDP ਅਨੁਮਾਨਾਂ 'ਤੇ ਰਹੇਗੀ ਨਜ਼ਰ, ਹਾਲ ਹੀ ਦੇ ਸਾਲਾਂ ਵਿੱਚ ਮੁਲਾਂਕਣ ਹੋਏ ਹਨ ਗਲਤ
ਅੱਜ ਪੇਸ਼ ਹੋਵੇਗਾ ਆਰਥਿਕ ਸਰਵੇਖਣ
ਬਜਟ ਪੇਸ਼ ਕਰਨ ਤੋਂ ਇੱਕ ਦਿਨ ਪਹਿਲਾਂ 31 ਜਨਵਰੀ ਭਾਵ ਅੱਜ ਕੇਂਦਰ ਸਰਕਾਰ ਵੱਲੋਂ ਆਰਥਿਕ ਸਰਵੇਖਣ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰਾਲੇ ਦਾ ਇੱਕ ਪ੍ਰਮੁੱਖ ਸਾਲਾਨਾ ਦਸਤਾਵੇਜ਼, ਆਰਥਿਕ ਸਰਵੇਖਣ ਪਿਛਲੇ ਵਿੱਤੀ ਸਾਲ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦੀ ਸਮੀਖਿਆ ਕਰਦਾ ਹੈ। ਇਹ ਸਾਰੇ ਸੈਕਟਰਾਂ-ਉਦਯੋਗਿਕ, ਖੇਤੀਬਾੜੀ, ਨਿਰਮਾਣ ਆਦਿ ਦੇ ਡੇਟਾ ਦਾ ਪੂਰਾ ਵੇਰਵਾ ਦਿੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਵਿੱਚ ਪਹਿਲਾ ਆਰਥਿਕ ਸਰਵੇਖਣ ਸਾਲ 1950-51 ਵਿੱਚ ਪੇਸ਼ ਕੀਤਾ ਗਿਆ ਸੀ। 1964 ਤੱਕ ਬਜਟ ਅਤੇ ਆਰਥਿਕ ਸਰਵੇਖਣ ਇੱਕੋ ਸਮੇਂ ਪੇਸ਼ ਕੀਤੇ ਜਾਂਦੇ ਸਨ। ਫਿਰ 1964 ਤੋਂ ਬਾਅਦ ਦੋਵੇਂ ਵੱਖ ਹੋ ਗਏ।
ਇਹ ਵੀ ਪੜ੍ਹੋ : ਭਾਰਤ 'ਚ ਜਲਦ ਸਸਤੀ ਹੋਵੇਗੀ ਵਿਦੇਸ਼ੀ ਸ਼ਰਾਬ, ਇਸ ਦੇਸ਼ ਨਾਲ ਹੋਣ ਜਾ ਰਿਹੈ ਸਮਝੌਤਾ
ਬਜਟ ਸੈਸ਼ਨ ਅਨੁਸੂਚੀ
- ਬਜਟ ਸੈਸ਼ਨ ਦੇ ਪਹਿਲੇ ਦੋ ਦਿਨਾਂ ਵਿੱਚ ਕੋਈ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋਵੇਗਾ। ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਬੁੱਧਵਾਰ ਤੋਂ ਸ਼ੁਰੂ ਹੋਵੇਗੀ।
- ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਫਰਵਰੀ ਨੂੰ ਚਰਚਾ ਦਾ ਜਵਾਬ ਦੇਣਗੇ।
- ਲੋਕ ਸਭਾ ਸਕੱਤਰੇਤ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਲਈ ਚਾਰ ਦਿਨ ਦਾ ਸਮਾਂ ਰੱਖਿਆ ਗਿਆ ਹੈ, ਜੋ 2 ਫਰਵਰੀ ਨੂੰ ਸ਼ੁਰੂ ਹੋਵੇਗਾ।
- ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲੇਗਾ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਬਜਟ ਦੀ ਵੰਡ 'ਤੇ ਵਿਚਾਰ ਕਰਨ ਲਈ ਛੁੱਟੀ ਰਹੇਗੀ।
- ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਤੋਂ ਸ਼ੁਰੂ ਹੋਵੇਗਾ, ਜੋ 8 ਅਪ੍ਰੈਲ ਤੱਕ ਚੱਲੇਗਾ। ਰਾਸ਼ਟਰਪਤੀ ਦਾ ਸੰਬੋਧਨ 31 ਜਨਵਰੀ ਨੂੰ ਸਵੇਰੇ 11 ਵਜੇ ਹੋਵੇਗਾ।
- ਲੋਕ ਸਭਾ ਦੀ ਬੈਠਕ 1 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗੀ ਅਤੇ ਉਸ ਦਿਨ ਆਮ ਬਜਟ ਪੇਸ਼ ਕੀਤਾ ਜਾਵੇਗਾ।
- 2 ਫਰਵਰੀ ਤੋਂ ਲੋਕ ਸਭਾ ਦੀ ਕਾਰਵਾਈ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗੀ।
- ਲੋਕ ਸਭਾ ਸਕੱਤਰੇਤ ਦੇ ਬੁਲੇਟਿਨ ਅਨੁਸਾਰ, ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਹੇਠਲੇ ਸਦਨ ਦੀ ਬੈਠਕ ਦੌਰਾਨ ਦੋਵਾਂ ਸਦਨਾਂ ਦੇ ਚੈਂਬਰਾਂ ਅਤੇ ਗੈਲਰੀਆਂ ਦੀ ਵਰਤੋਂ ਮੈਂਬਰਾਂ ਦੇ ਬੈਠਣ ਲਈ ਕੀਤੀ ਜਾਵੇਗੀ।
ਬਜਟ ਸੈਸ਼ਨ ਦੌਰਾਨ ਕੁੱਲ 29 ਬੈਠਕਾਂ ਹੋਣਗੀਆਂ
ਬਜਟ ਸੈਸ਼ਨ ਦੌਰਾਨ ਕੁੱਲ 29 ਬੈਠਕਾਂ ਹੋਣਗੀਆਂ, ਜਿਨ੍ਹਾਂ 'ਚੋਂ ਪਹਿਲੇ ਪੜਾਅ 'ਚ 10 ਬੈਠਕਾਂ ਅਤੇ ਦੂਜੇ ਪੜਾਅ 'ਚ 19 ਬੈਠਕਾਂ ਹੋਣਗੀਆਂ। ਬਜਟ ਸੈਸ਼ਨ ਦਾ ਆਯੋਜਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਪੰਜ ਰਾਜਾਂ- ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 1 ਫਰਵਰੀ ਤੋਂ ਬਦਲ ਜਾਣਗੇ ਬੈਂਕਿੰਗ ਨਾਲ ਜੁੜੇ ਕਈ ਮਹੱਤਵਪੂਰਨ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।