ਪਿਆਜ਼ ਜਲਦ ਹੋਣਗੇ ਸਸਤੇ, ਸਰਕਾਰ ਨੇ ਚੁੱਕਿਆ ਵੱਡਾ ਕਦਮ

Friday, Nov 24, 2017 - 03:29 PM (IST)

ਨਵੀਂ ਦਿੱਲੀ— ਪ੍ਰਚੂਨ ਬਾਜ਼ਾਰ 'ਚ ਪਿਆਜ਼ਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ 'ਤੇ ਲਗਾਮ ਲਾਉਣ ਲਈ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਪਿਆਜ਼ ਬਰਾਮਦ (ਐਕਸਪੋਰਟ) 'ਤੇ ਮਿਨੀਮਮ ਐਕਸਪੋਰਟ ਪ੍ਰਾਈਸ (ਐੱਮ. ਈ. ਪੀ.) ਦੀ ਸ਼ਰਤ ਫਿਰ ਤੋਂ ਲਾਗੂ ਕਰ ਦਿੱਤੀ ਹੈ। ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ 31 ਦਸੰਬਰ 2017 ਤਕ ਪਿਆਜ਼ 'ਤੇ ਘੱਟੋ-ਘੱਟ ਬਰਾਮਦ ਮੁੱਲ (ਮਿਨੀਮਮ ਐਕਸਪੋਰਟ ਪ੍ਰਾਈਸ) ਦੀ ਸ਼ਰਤ ਲਾਗੂ ਰਹੇਗੀ। ਸਰਕਾਰ ਵੱਲੋਂ ਪਿਆਜ਼ 'ਤੇ ਘੱਟ-ਘੱਟ ਬਰਾਮਦ ਮੁੱਲ 850 ਡਾਲਰ ਪ੍ਰਤੀ ਟਨ ਤੈਅ ਕੀਤਾ ਗਿਆ ਹੈ। ਹੁਣ ਇਸ ਤੋਂ ਘੱਟ ਮੁੱਲ 'ਤੇ ਪਿਆਜ਼ ਬਾਹਰ ਨਹੀਂ ਭੇਜਿਆ ਜਾ ਸਕੇਗਾ।
ਹੁਣ 850 ਡਾਲਰ ਨੂੰ ਜੇਕਰ ਡਾਲਰ ਦੇ ਮੌਜੂਦਾ ਮੁੱਲ 64.75 ਰੁਪਏ 'ਚ ਬਦਲਿਆ ਜਾਵੇ ਤਾਂ ਪ੍ਰਤੀ ਕਿਲੋ ਪਿਆਜ਼ ਦਾ ਮੁੱਲ 55.03 ਰੁਪਏ ਬਣਦਾ ਹੈ ਯਾਨੀ ਦੇਸ਼ ਤੋਂ ਜੇਕਰ ਕਿਸੇ ਨੂੰ ਪਿਆਜ਼ ਦੀ ਬਰਾਮਦ ਕਰਨੀ ਹੋਵੇਗੀ ਤਾਂ ਘੱਟ ਤੋਂ ਘੱਟ ਇਸ ਮੁੱਲ 'ਤੇ ਕਰਨੀ ਪਵੇਗੀ। ਇਸ ਮੁੱਲ ਤੋਂ ਹੇਠਾਂ ਪਿਆਜ਼ ਦੀ ਬਰਾਮਦ ਨਹੀਂ ਹੋਵੇਗੀ। ਸਰਕਾਰ ਦੇ ਇਸ ਕਦਮ ਨਾਲ ਘਰੇਲੂ ਬਾਜ਼ਾਰ 'ਚ ਪਿਆਜ਼ਾਂ ਦੀ ਸਪਲਾਈ ਵਧੇਗੀ ਅਤੇ ਕੀਮਤਾਂ ਹੇਠਾਂ ਆਉਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਬਾਜ਼ਾਰ 'ਚ ਪਿਆਜ਼ਾਂ ਦੀ ਸਪਲਾਈ ਵਧਾਉਣ ਅਤੇ ਕੀਮਤਾਂ 'ਤੇ ਕਾਬੂ ਰੱਖਣ ਲਈ 2,000 ਟਨ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਨੈਫੇਡ ਅਤੇ ਐੱਸ. ਐੱਫ. ਏ. ਸੀ. ਸਥਾਨਕ ਪੱਧਰ 'ਤੇ ਕਿਸਾਨਾਂ ਕੋਲੋਂ 12,000 ਟਨ ਪਿਆਜ਼ ਖਰੀਦਣਗੇ। ਇਨ੍ਹਾਂ ਸਾਰੇ ਕਦਮਾਂ ਨਾਲ ਆਉਣ ਵਾਲੇ ਕੁਝ ਦਿਨਾਂ 'ਚ ਪਿਆਜ਼ ਸਸਤੇ ਹੋਣ ਦੀ ਉਮੀਦ ਹੈ।
ਪ੍ਰਚੂਨ ਬਾਜ਼ਾਰ 'ਚ ਮਹਿੰਗਾ ਵਿਕ ਰਿਹੈ ਪਿਆਜ਼
ਪਿਛਲੇ ਕੁਝ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਹੋਈ ਹੈ। ਪ੍ਰਚੂਨ ਬਾਜ਼ਾਰ 'ਚ ਪਿਆਜ਼ ਦਾ ਮੁੱਲ 50 ਰੁਪਏ ਪ੍ਰਤੀ ਕਿਲੋ ਦੇ ਕਰੀਬ ਜਾਂ ਇਸ ਤੋਂ ਵੱਧ ਬਣੇ ਹੋਏ ਹਨ। ਖਪਤਕਾਰ ਵਿਭਾਗ ਦੇ ਮੁਤਾਬਕ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਆਜ਼ ਦਾ ਪ੍ਰਚੂਨ ਮੁੱਲ 47 ਰੁਪਏ ਪ੍ਰਤੀ ਕਿਲੋ, ਮੁੰਬਈ 'ਚ 52, ਚੇਨਈ 'ਚ 45, ਕੋਲਕਾਤਾ 'ਚ 40, ਅਹਿਮਦਾਬਾਦ 'ਚ 32, ਪਟਨਾ 'ਚ 45, ਲਖਨਊ 'ਚ 50 ਰੁਪਏ ਅਤੇ ਜੈਪੁਰ 'ਚ 40 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਪੰਜਾਬ 'ਚ ਵੀ ਕੀਮਤਾਂ 40-45 ਰੁਪਏ ਦੇ ਲਗਭਗ ਹਨ ਪਰ ਜਲਦ ਹੀ ਇਨ੍ਹਾਂ ਦੇ ਮੁੱਲ ਘਟਣ ਦੀ ਉਮੀਦ ਹੈ।


Related News