ਅਮਰੀਕਾ ’ਚ ਮਹਿੰਗਾਈ ਦਰ ਅਕਤੂਬਰ ’ਚ ਘਟ ਕੇ 7.7 ਫੀਸਦੀ ਰਹੀ
Friday, Nov 11, 2022 - 10:25 AM (IST)
ਬਿਜਨੈੱਸ ਡੈਸਕ–ਅਮਰੀਕਾ ਵਾਸੀਆਂ ਲਈ ਰਾਹਤ ਦੀ ਖਬਰ ਹੈ। ਮਹਿੰਗੇ ਹੁੰਦੇ ਕਰਜ਼ੇ ’ਤੇ ਉੱਥੇ ਬ੍ਰੇਕ ਲੱਗ ਸਕਦੀ ਹੈ। ਅਕਤੂਬਰ ਮਹੀਨੇ ’ਚ ਮਹਿੰਗਾਈ ਦਰ ’ਚ ਗਿਰਾਵਟ ਆਈ ਹੈ। ਕਈ ਚੀਜ਼ਾਂ ਦੇ ਰੇਟ ਘਟਣ ਨਾਲ ਮਹਿੰਗਾਈ ’ਚ ਕਮੀ ਆਈ ਹੈ। ਮਹਿੰਗਾਈ ਦਾ ਅਸਰ ਅਮਰੀਕੀ ਅਰਥਵਿਵਸਥਾ ’ਤੇ ਪਿਆ ਹੈ। ਖਪਤਕਾਰ ਖਰਚ ’ਚ ਕਟੌਤੀ ਕਰ ਰਹੇ ਹਨ, ਜਿਸ ਦਾ ਅਸਰ ਕੰਪਨੀਆਂ ਦੇ ਨਤੀਜਿਆਂ ’ਤੇ ਦੇਖਿਆ ਗਿਆ ਹੈ।
ਲੇਬਰ ਡਿਪਾਰਮੈਂਟ ਮੁਤਾਬਕ ਅਕਤੂਬਰ 2022 ’ਚ ਖਪਤਕਾਰ ਮਹਿੰਗਾਈ ਦਰ 7.7 ਫੀਸਦੀ ਰਹੀ ਹੈ ਜਦ ਕਿ ਸਤੰਬਰ ’ਚ ਮਹਿੰਗਾਈ ਦਰ 8.2 ਫੀਸਦੀ ਰਹੀ ਸੀ। ਜਨਵਰੀ ਤੋਂ ਬਾਅਦ ਮਹਿੰਗਾਈ ਦਰ ’ਚ ਇਹ ਸਭ ਤੋਂ ਘੱਟ ਵਾਧਾ ਹੈ। ਫੂਡ ਅਤੇ ਐਨਰਜੀ ਕੀਮਤਾਂ ਨੂੰ ਛੱਡ ਦਿਓ ਤਾਂ ਕੋਰ ਇਨਫਲੇਸ਼ਨ 12 ਮਹੀਨਿਆਂ ’ਚ 6.3 ਫੀਸਦੀ ਵਧੀ ਹੈ ਜਦ ਕਿ ਸਤੰਬਰ ਮਹੀਨੇ ਤੋਂ 0.3 ਫੀਸਦੀ ਦਾ ਵਾਧਾ ਹੋਇਆ ਹੈ। ਮਹਿੰਗਾਈ ਦਰ ਦੇ ਜੋ ਅੰਕੜੇ ਆਏ ਹਨ ਉਹ ਅਰਥਸ਼ਾਸਤਰੀਆਂ ਦੇ ਅਨੁਮਾਨ ਤੋਂ ਘੱਟ ਹੈ।
ਹਾਲਾਂਕਿ ਮਹਿੰਗੇ ਕਰਜ਼ੇ ਦਾ ਅਸਰ ਅਮਰੀਕੀ ਅਰਥਵਿਵਸਥਾ ’ਤੇ ਦਿਖਾਈ ਦੇਣ ਲੱਗਾ ਹੈ। ਮੰਦੀ ਦੇ ਆਉਣ ਤੋਂ ਪਹਿਲਾਂ ਹੀ ਕੰਪਨੀਆਂ ਛਾਂਟੀ ਕਰਨ ਲੱਗੀਆਂ ਹਨ। ਮੇਟਾ ਤੋਂ ਲੈ ਕੇ ਟਵਿਟਰ , ਅਲਫਾਬੇਟ ਅਤੇ ਆਈ. ਬੀ. ਐੱਮ. ਵਰਗੀਆਂ ਕੰਪਨੀਆਂ ਖਰਚੇ ’ਚ ਕਮੀ ਦੇ ਮਕਸਦ ਨਾਲ ਛਾਂਟੀ ਕਰ ਰਹੀਆਂ ਹਨ। ਮਹਿੰਗਾਈ ਦੇ ਅੰਕੜੇ ਆਉਣ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਉਛਾਲ ਆਇਆ। ਸਮਾਚਾਰ ਲਿਖੇ ਜਾਣ ਤੱਕ ਡਾਓ ਜੋਨਸ 764 ਅੰਕ ਚੜ੍ਹ ਗਿਆ। ਉੱਥੇ ਹੀ ਐੱਸ. ਐਂਡ ਪੀ. 500 ਵੀ 3.7 ਫੀਸਦੀ ਉਛਲ ਕੇ ਕਾਰੋਬਾਰ ਕਰ ਰਿਹਾ ਸੀ।