ਅਗਲੇ 3 ਮਹੀਨਿਆਂ ’ਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਜਾ ਸਕਦਾ ਹੈ ਭਾਰਤੀ ਰੁਪਇਆ

08/05/2022 2:37:46 PM

ਨਵੀਂ ਦਿੱਲੀ (ਇੰਟ.) – ਹਾਲ ਹੀ ’ਚ ਭਾਰਤੀ ਰੁਪਏ ’ਚ 80 ਰੁਪਏ ਦੇ ਲਗਭਗ ਥੋੜੀ ਰਿਕਵਰੀ ਦੇਖਣ ਨੂੰ ਮਿਲ ਰਹੀ ਸੀ। ਅੱਜ ਵੀਰਵਾਰ ਨੂੰ ਰੁਪਇਆ ਹਲਕੀ ਬੜ੍ਹਤ ਨਾਲ 79.68 ਦੇ ਪੱਧਰ ’ਤੇ ਟ੍ਰੇਡ ਕਰ ਰਿਹਾ ਹੈ। ਹੁਣ ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਆਉਣ ਵਾਲੇ 3 ਮਹੀਨਿਆਂ ’ਚ ਭਾਰਤੀ ਰੁਪਇਆ ਆਪਣੇ ਇਤਿਹਾਸਿਕ ਹੇਠਲੇ ਪੱਧਰ ’ਤੇ ਜਾ ਸਕਦਾ ਹੈ। ਇਹ ਗੱਲ ਰਾਇਟਰਸ ਵਲੋਂ ਫਾਰੇਨ ਐਕਸਚੇਂਜ ਸਟ੍ਰੈਟੇਜਿਸਟ ਦਰਮਿਆਨ ਕਰਵਾਏ ਗਏ ਪੋਲ ਤੋਂ ਨਿਕਲ ਕੇ ਸਾਹਮਣੇ ਆਈ ਹੈ।

ਪੋਲ ’ਚ ਬਾਜ਼ਾਰ ਮਾਹਰਾਂ ਨੇ ਕਿਹਾ ਕਿ ਰੁਪਏ ’ਚ ਇਸ ਗਿਰਾਵਟ ਦਾ ਕਾਰਨ ਵਧਦਾ ਵਪਾਰ ਘਾਟਾ ਅਤੇ ਸੇਫ ਹੈਵਨ ਸਮਝੇ ਜਾਣ ਵਾਲੇ ਯੂ. ਐੱਸ. ਡਾਲਰ ਵੱਲ ਦੁਨੀਆ ਭਰ ਦੀਆਂ ਕਰੰਸੀਆਂ ਦਾ ਵਧਦਾ ਪ੍ਰਵਾਹ ਹੈ। ਇਸ ਪੋਲ ’ਚ 40 ਵਿਸ਼ਲੇਸ਼ਕਾਂ ਨੇ ਹਿੱਸਾ ਲਿਆ। 40 ’ਚੋਂ 18 ਯਾਨੀ 50 ਫੀਸਦੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਿਕ ਅਗਲੇ 3 ਮਹੀਨਿਆਂ ’ਚ ਰੁਪਇਆ ਡਾਲਰ ਦੇ ਮੁਕਾਬਲੇ 80 ਦੇ ਪੱਧਰ ਨੂੰ ਪਾਰ ਕਰ ਜਾਏਗਾ ਜਦ ਕਿ ਇਸ ਤੋਂ ਪਹਿਲਾਂ ਜੁਲਾਈ ’ਚ ਕਰਵਾਏ ਗਏ ਪੋਲ ’ਚ ਸਿਰਫ 30 ਫੀਸਦੀ ਵਿਸ਼ਲੇਸ਼ਕਾਂ ਦਾ ਅਜਿਹਾ ਮੰਨਣਾ ਸੀ।

ਆਰ. ਬੀ. ਆਈ. ਦੇ ਫੈਸਲੇ ’ਤੇ ਨਜ਼ਰ

ਜਦੋਂ ਵਿਸ਼ਲੇਸ਼ਕਾਂ ਤੋਂ ਪੁੱਛਿਆ ਗਿਆ ਕਿ ਅਗਲੇ ਤਿੰਨ ਮਹੀਨਿਆਂ ’ਚ ਡਾਲਰ ਦੇ ਮੁਕਾਬਲੇ ਰੁਪਏ ਦਾ ਹੇਠਲਾ ਪੱਧਰ ਕੀ ਹੋਵੇਗਾ ਤਾਂ ਇਨ੍ਹਾਂ ’ਚੋਂ 16 ਜਾਣਕਾਰਾਂ ਦਾ ਇਹ ਕਹਿਣਾ ਸੀ ਕਿ ਇਸ ਦੌਰਾਨ ਡਾਲਰ ਦੀ ਤੁਲਨਾ ’ਚ ਰੁਪਇਆ 79.75-81.80 ਦਰਮਿਆਨ ਰਹਿ ਸਕਦਾ ਹੈ। ਜਦੋਂ ਅਸੀਂ ਇਸ ਦਾ ਔਸਤ ਕੱਢਦੇ ਹਾਂ ਤਾਂ ਇਹ 80.50 ਹੁੰਦਾ ਹੈ ਪਰ ਜਾਣਕਾਰਾਂ ਨੇ ਇਹ ਵੀ ਕਿਹਾ ਕਿ ਬਹੁਤ ਕੁੱਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਆਰ. ਬੀ. ਆਈ. ਵਿਆਜ ਦਰਾਂ ’ਤੇ ਕੀ ਫੈਸਲਾ ਲੈਂਦਾ ਹੈ।

ਰੁਪਇਆ ਕਰੀਬ ਇਕ ਮਹੀਨੇ ਤੋਂ 80.06 ਦੇ ਲਗਭਗ ਪ੍ਰਤੀ ਡਾਲਰ ’ਤੇ ਬਣਿਆ ਹੋਇਆ ਹੈ। ਬੀਤੇ ਮੰਗਲਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ 78.49 ’ਤੇ ਯਾਨੀ ਇਕ ਮਹੀਨਾ ਆਪਣੇ ਉੱਚ ਪੱਧਰ ’ਤੇ ਪਹੁੰਚਦਾ ਨਜ਼ਰ ਆਇਆ ਸੀ। ਇਸ ਨਾਲ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਥੋੜੀ ਰਾਹਤ ਮਿਲੀ ਹੈ। ਪਿਛਲੇ ਕੁੱਝ ਸਮੇਂ ਤੋਂ ਰੁਪਏ ਨੂੰ ਡਾਲਰ ਦੇ ਮੁਕਾਬਲੇ 80 ਦੇ ਲਗਭਗ ਬਣਾਈ ਰੱਖਣ ਲਈ ਆਰ. ਬੀ. ਆਈ. ਆਪਣੇ ਵਿਦੇਸ਼ੀ ਮੁਦਰਾ ਭੰਡਾਰ ’ਚੋਂ ਬਾਜ਼ਾਰ ’ਚ ਡਾਲਰ ਲਗਾ ਰਿਹਾ ਹੈ। ਪਰ ਇਸ ਦੇ ਬਾਵਜੂਦ ਰੁਪਏ ’ਚ ਇਹ ਰਿਕਵਰੀ ਬਹੁਤ ਜ਼ਿਆਦਾ ਸਮੇਂ ਤੱਕ ਬਣੇ ਰਹਿਣ ਦੀ ਉਮੀਦ ਨਹੀਂ ਹੈ।

ਕਿਉਂ ਕਮਜ਼ੋਰ ਹੋ ਰਿਹੈ ਰੁਪਇਆ

ਗਲੋਬਲ ਪੱਧਰ ’ਤੇ ਵਧਦੇ ਕੱਚੇ ਤੇਲ ਦੀ ਕੀਮਤ, ਯੂਕ੍ਰੇਨ-ਰੂਸ ਜੰਗ ਅਤੇ ਭਾਰਤ ਦਾ ਵਧਦਾ ਵਪਾਰ ਘਾਟਾ ਰੁਪਏ ਨੂੰ ਹੋਰ ਕਮਜ਼ੋਰ ਬਣਾ ਰਿਹਾ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਸਾਕਸ਼ੀ ਗੁਪਤਾ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਚੀਨ ਦਰਮਿਆਨ ਤਾਈਵਾਨ ਨੂੰ ਲੈ ਕੇ ਹੋਏ ਵਿਵਾਦ ਨੇ ਵੀ ਯੂ. ਐੱਸ. ਡਾਲਰ ਨੂੰ ਹੋਰ ਚਮਕਾ ਦਿੱਤਾ ਹੈ। ਰਾਇਟਰਸ ਵਲੋਂ ਕਰਵਾਏ ਗਏ ਇਸ ਪੋਲ ਦਾ ਇਕ ਨਤੀਜਾ ਇਹ ਵੀ ਹੈ ਕਿ ਸ਼ੁੱਕਰਵਾਰ ਨੂੰ ਆਉਣ ਵਾਲੇ ਆਰ. ਬੀ. ਆਈ. ਪਾਲਿਸੀ ਰੇਪੋ ਰੇਟ ’ਚ ਘੱਟ ਤੋਂ ਘੱਟ 0.35 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News