ਆਯੋਧਿਆ ਦਾ ਵਧਿਆ ਆਕਰਸ਼ਣ, ਆਮਦਨ ਦੇ ਮੌਕੇ ਲੱਭ ਰਹੀਆਂ ਕੰਪਨੀਆਂ ਦੀ ਲੱਗੀ ਭੀੜ
Monday, May 01, 2023 - 10:12 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਧਾਰਮਿਕ ਸੈਰ-ਸਪਾਟੇ ਦੇ ਤੇਜ਼ੀ ਨਾਲ ਵਧਣ ਅਤੇ ਅਗਲੇ ਸਾਲ ਰਾਮ ਮੰਦਰ ਦੇ ਸ਼ੁਰੂ ਹੋਣ ਦੀਆਂ ਉਮੀਦਾਂ ’ਚ ਉੱਤਰ ਪ੍ਰਦੇਸ਼ ਦੇ ਆਯੋਧਿਆ ’ਚ ਪ੍ਰਹੁਣਾਚਾਰੀ ਖੇਤਰ ਦੀਆਂ ਕੰਪਨੀਆਂ ਦੀ ਭੀੜ ਲਗਣੀ ਸ਼ੁਰੂ ਹੋ ਗਈ ਹੈ। ਤਾਜ, ਰੈਡੀਸਨ ਅਤੇ ਆਈ. ਟੀ. ਸੀ. ਹੋਟਲ ਵਰਗੇ ਮੁੱਖ ਫਾਈਵ ਸਟਾਰ ਬ੍ਰਾਂਡ, ਓਯੋ ਵਰਗੇ ਸਸਤੇ ਹੋਟਲਾਂ ਦੇ ਨਾਲ ਵੱਡੀ ਗਿਣਤੀ ’ਚ ਕੰਪਨੀਆਂ ਉੱਥੇ ਹੋਟਲ ਖੋਲ੍ਹਣ ਦੀ ਤਿਆਰੀ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਦਾ ਭਵਿੱਖ ’ਚ ਆਯੋਧਿਆ ’ਚ 25,000 ਕਮਰਿਆਂ ਦਾ ਟੀਚਾ ਹੈ। ਟਾਟਾ ਸਮੂਹ ਦੀ ਪ੍ਰਹੁਣਾਚਾਰੀ ਖੇਤਰ ਦੀ ਕੰਪਨੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਨੇ 2 ਨਵੀਆਂ ਜਾਇਦਾਦਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਰੈਡੀਸਨ ਦੀ ਵੀ ਅਜਿਹੀ ਹੀ ਯੋਜਨਾ ਹੈ। ਇਕ ਹੋਰ ਮੁੱਖ ਕੰਪਨੀ ਆਈ. ਟੀ. ਸੀ. ਹੋਟਲਸ ਵੀ ਆਯੋਧਿਆ ’ਚ ਮੌਕਿਆਂ ਦੀ ਤਲਾਸ਼ ’ਚ ਹੈ।
ਇਹ ਵੀ ਪੜ੍ਹੋ : Bank Holiday : ਪੰਜਾਬ 'ਚ ਸਰਕਾਰੀ ਛੁੱਟੀ ਨਾਲ ਹੋਵੇਗੀ ਮਈ ਮਹੀਨੇ ਦੀ ਸ਼ੁਰੂਆਤ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਸਾਲਾਨਾ 4 ਕਰੋੜ ਲੋਕਾਂ ਦੇ ਆਉਣ ਦਾ ਅਨੁਮਾਨ
ਆਯੋਧਿਆ ਮਾਸਟਰ ਪਲਾਨ-2031 ਤਹਿਤ ਉੱਥੇ ਸਾਲਾਨਾ 4 ਕਰੋੜ ਲੋਕਾਂ ਦੇ ਆਉਣ ਦਾ ਅਨੁਮਾਨ ਹੈ। ਅਜੇ ਇਹ ਅੰਕੜਾ 2 ਕਰੋਡ਼ ਦਾ ਹੈ। ਹੋਟਲ ਬੁਕਿੰਗ ਦੀ ਸਹੂਲਤ ਉਪਲੱਬਧ ਕਰਵਾਉਣ ਵਾਲੇ ਮੰਚ ਓਯੋ ਨੇ 2023 ’ਚ ਆਯੋਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਰਾਜ ਸੈਰ-ਸਪਾਟਾ ਵਿਕਾਸ ਨਿਗਮ ਦੇ ਸਹਿਯੋਗ ਨਾਲ 50 ਨਵੀਆਂ ਜਾਇਦਾਦਾਂ ਨੂੰ ਜੋੜਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ’ਚ 25 ਹੋਮ ਸਟੇਅ ਅਤੇ 25 ਛੋਟੇ ਅਤੇ ਮੱਧ ਸਾਈਜ਼ ਦੇ ਹੋਟਲ (10 ਤੋਂ 20 ਕਮਰਿਆਂ ਵਾਲੇ) ਹੋਣਗੇ। ਆਈ. ਐੱਚ. ਸੀ. ਐੱਲ. ਦੇ ਕਾਰਜਕਾਰੀ ਉਪ-ਪ੍ਰਧਾਨ ਰੀਅਲ ਅਸਟੇਟ ਐਂਡ ਡਿਵੈੱਲਪਮੈਂਟ ਸੁਮਾ ਵੇਂਕਟੇਸ਼ ਨੇ ਕਿਹਾ ਕਿ ਅਧਿਆਤਮਿਕ ਸੈਰ-ਸਪਾਟਾ, ਜੋ ਪ੍ਰਾਚੀਨ ਕਾਲ ਤੋਂ ਭਾਰਤ ’ਚ ਹੋਂਦ ਵਿਚ ਹੈ, ਹਾਲ ਦੇ ਦਿਨਾਂ ’ਚ ਹੋਰ ਲੋਕਪ੍ਰਿਅ ਹੋਇਆ ਹੈ। ਵਿਸ਼ੇਸ਼ ਰੂਪ ਨਾਲ ‘ਕੋਵਿਡ-19’ ਮਹਾਮਾਰੀ ਤੋਂ ਬਾਅਦ। ਹੁਣ ਲੋਕ ਅਸਲੀ ਜੀਵਨ ਦੇ ਡੂੰਘੇ ਮਤਲੱਬ ਖੋਜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਯੋਧਿਆ ’ਚ ਰਾਮ ਮੰਦਰ ਬਣ ਰਿਹਾ ਹੈ ਅਤੇ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਉੱਥੇ ਆ ਰਹੇ ਹਨ । ਅਜਿਹੇ ’ਚ ਆਯੋਧਿਆ ’ਚ ਗੁਣਵੱਤਾਪੂਰਨ ਬੁਨਿਆਦੀ ਢਾਂਚੇ, ਸੈਰ-ਸਪਾਟਾ ਢਾਂਚੇ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ : Elon Musk ਨੇ ਕੀਤਾ ਵੱਡਾ ਐਲਾਨ : ਹੁਣ ਯੂਜ਼ਰਸ ਨੂੰ ਟਵਿਟਰ 'ਤੇ ਖਬਰਾਂ ਪੜ੍ਹਨ ਲਈ ਦੇਣੇ ਪੈਣਗੇ ਪੈਸੇ
ਆਯੋਧਿਆ ਇਕ ਮਹੱਤਵਪੂਰਨ ਧਾਰਮਿਕ ਅਸਥਾਨ
ਆਯੋਧਿਆ ਇਕ ਮਹੱਤਵਪੂਰਨ ਧਾਰਮਿਕ ਅਸਥਾਨ ਹੈ। ਇਸ ਨੂੰ ਭਗਵਾਨ ਜੀ ਦੇ ਜਨਮ ਸਥਾਨ ਦੇ ਰੂਪ ’ਚ ਜਾਣਿਆ ਜਾਂਦਾ ਹੈ। ਆਈ. ਐੱਚ. ਸੀ. ਐੱਲ. ਨੇ ਆਯੋਧਿਆ ’ਚ 2 ਨਵੀਆਂ ਜਾਇਦਾਦਾਂ ਦੇ ਪ੍ਰਬੰਧਨ ਲਈ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ। ਇਨ੍ਹਾਂ ’ਚ ਵਿਵਾਂਤਾ ਬ੍ਰਾਂਡ ਤਹਿਤ ਇਕ 100 ਕਮਰਿਆਂ ਵਾਲਾ ਹੋਟਲ ਅਤੇ ਦੂਜਾ 120 ਕਮਰਿਆਂ ਵਾਲਾ ਜਿੰਜਰ ਹੋਟਲ ਸ਼ਾਮਿਲ ਹੈ। ਇਸ ਹੋਟਲ ਦੇ 36 ਮਹੀਨਿਆਂ ’ਚ ਸੰਚਾਲਨ ’ਚ ਆਉਣ ਦੀ ਉਮੀਦ ਹੈ। ਭਾਰਤੀ ਹੋਟਲ ਸੰਘ ਦੇ ਉਪ-ਪ੍ਰਧਾਨ ਅਤੇ ਰੈਡੀਸਨ ਹੋਟਲ ਸਮੂਹ ਦੇ ਆਨਰੇਰੀ ਚੇਅਰਮੈਨ ਅਤੇ ਮੁੱਖ ਸਲਾਹਕਾਰ-ਦੱਖਣ ਏਸ਼ੀਆ ਦੇ ਬੀ. ਕਾਚਰੂ ਨੇ ਵੀ ਇਸ ਗੱਲ ਉੱਤੇ ਸਹਿਮਤੀ ਜਤਾਈ ਕਿ ਹੁਣ ਸੈਲਾਨੀਆਂ ’ਚ ਆਯੋਧਿਆ ਆਉਣ ਨੂੰ ਲੈ ਕੇ ਰੁਚੀ ਵਧੀ ਹੈ। ਉਨ੍ਹਾਂ ਕਿਹਾ,‘‘ਹਰ ਸਾਲ 2 ਕਰੋਡ਼ ਲੋਕ ਆਯੋਧਿਆ ਜਾ ਰਹੇ ਹਨ। ਇਹ ਕਾਫੀ ਉਤਸ਼ਾਹਜਨਕ ਸੰਕੇਤ ਹਨ। ਇਹ ਗਿਣਤੀ ਮਾਸਟਰ ਪਲਾਨ ਤਹਿਤ 2031 ਤੱਕ 4 ਕਰੋਡ਼ ਉੱਤੇ ਪੁੱਜਣ ਦੀ ਉਮੀਦ ਹੈ।’’
ਇਹ ਵੀ ਪੜ੍ਹੋ : ਹੁਣ ਅਮਰੀਕਾ ਦਾ ਪਹਿਲਾ ਰਿਪਬਲਿਕ ਬੈਂਕ ਵੀ ਡੁੱਬਣ ਕੰਢੇ, JP ਮਾਰਗਨ ਨੇ ਲਾਈ ਬੋਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।