ਸੰਸਾਰਿਕ ਮੰਦੀ ਦਾ ਅਸਰ ਭਾਰਤ ’ਤੇ ਕਾਫੀ ਘੱਟ ਰਹਿਣ ਦੀ ਸੰਭਾਵਨਾ : ਦਿਨੇਸ਼ ਖਾਰਾ

10/16/2022 6:29:30 PM

ਵਾਸ਼ਿੰਗਟਨ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਿਸ਼ਵ ਬੈਂਕ ਵਰਗੇ ਸੰਸਥਾਨਾਂ ਵਲੋਂ ਸੰਸਾਰਿਕ ਮੰਦੀ ਆਉਣ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖਦਸ਼ੇ ਦੇ ਬਾਵਜੂਦ ਭਾਰਤ ’ਤੇ ਇਸ ਦਾ ਅਸਰ ਦੂਜੇ ਦੇਸ਼ਾਂ ਦੀ ਤੁਲਨਾ ’ਚ ਕਿਤੇ ਘੱਟ ਰਹਿਣ ਦੀ ਸੰਭਾਵਨਾ ਹੈ। ਆਈ. ਐੱਮ. ਐੱਫ. ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ’ਚ ਹਿੱਸਾ ਲੈਣ ਆਏ ਖਾਰਾ ਨੇ ਇਕ ਗੱਲਬਾਤ ’ਚ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਆਰਥਿਕ ਵਾਧਾ ਦਰ 6.8 ਫੀਸਦੀ ਰਹਿਣ ਦੇ ਅਨੁਮਾਨ ਅਤੇ ਮਹਿੰਗਾਈ ਦੇ ਕਾਫੀ ਹੱਦ ਤੱਕ ਕੰਟਰੋਲ ’ਚ ਰਹਿਣ ਨਾਲ ਭਾਰਤ ਤੁਲਨਾਤਮਕ ਤੌਰ ’ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

ਖਾਰਾ ਨੇ ਕਿਹਾ ਕਿ ਵੱਡੇ ਪੈਮਾਨੇ ’ਤੇ ਭਾਰਤ ਦੀ ਅਰਥਵਿਵਸਥਾ ਮੰਗ ਦੇ ਮਾਮਲੇ ’ਚ ਅੰਦਰੂਨੀ ਪੱਧਰ ’ਤੇ ਨਿਰਭਰ ਕਰਦੀ ਹੈ। ਉਸ ਲਿਹਾਜ ਨਾਲ ਦੇਖੀਏ ਤਾਂ ਮੇਰੀ ਰਾਏ ’ਚ ਸੰਸਾਰਿਕ ਮੰਦਗੀ ਦਾ ਇਕ ਅਸਰ ਤਾਂ ਹੋਵੇਾ ਪਰ ਉਹ ਦੁਨੀਆ ਨਾਲ ਪੂਰੀ ਤਰ੍ਹਾਂ ਜੁੜੀਆਂ ਹੋਰ ਅਰਥਵਿਵਸਥਾਵਾਂ ਜਿੰਨਾ ਸ਼ਾਇਦ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੋਰ ਵੱਡੀਆਂ ਅਰਥਵਿਵਸਥਾਵਾਂ ਦੀ ਤੁਲਨਾ ’ਚ ਭਾਰਤ ਦੀ ਅਰਥਵਿਵਸਥਾ ਦਾ ਬੀਟਾ ਘਟਕ ਕਾਫੀ ਘੱਟ ਹੋਵੇਗਾ। ਇਹ ਘਟਕ ਐਕਸਪੋਰਟ ਦਾ ਇਕ ਅਹਿਮ ਹਿੱਸਾ ਹੈ। ਖਾਰਾ ਨੇ ਕਿਹਾ ਕਿ ਸੰਸਾਰਿਕ ਅਰਥਵਿਵਸਥਾ ਦੀ ਮੌਜੂਦਾ ਸਥਿਤੀ ’ਚ ਭਾਰਤ ਕਿਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜਿੱਥੋਂ ਤੱਕ ਮਹਿੰਗਾਈ ਦਾ ਸਵਾਲ ਹੈ ਤਾਂ ਇਹ ਮੰਗ ਨਾਲ ਨਹੀਂ ਸਗੋਂ ਸਪਲਾਈ ਨਾਲ ਜੁੜਿਆ ਹੋਇਆ ਪਹਿਲੂ ਹੈ। ਜਿੱਥੋਂ ਤੱਕ ਰੁਪਏ ਦੀ ਕੀਮਤ ’ਚ ਆ ਰਹੀ ਗਿਰਾਵਟ ਦਾ ਸਵਾਲ ਹੈ ਤਾਂ ਐੱਸ. ਬੀ. ਆਈ. ਮੁਖੀ ਨੇ ਇਸ ਲਈ ਅਮਰੀਕੀ ਡਾਲਰ ’ਚ ਆ ਰਹੀ ਮਜ਼ਬੂਤੀ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ’ਚ ਭਾਰਤੀ ਮੁਦਰਾ ਨੇ ਡਾਲਰ ਦੇ ਮੁਕਾਬਲੇ ਖੁਦ ਨੂੰ ਕਿਤੇ ਵੱਧ ਮਜ਼ਬੂਤੀ ਨਾਲ ਟਿਕਾਈ ਰੱਖਿਆ ਹੈ।

ਐੱਸ. ਬੀ. ਆਈ. ਨੇ ਐੱਫ. ਡੀ. ਰੇਟ ’ਚ ਕੀਤਾ ਵਾਧਾ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ. ਬੀ. ਆਈ. ਨੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ ਯਾਨੀ ਐੱਫ. ਡੀ. ’ਤੇ ਵਿਆਜ ਦਰਾਂ ’ਚ 20 ਆਧਾਰ ਅੰਕ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਵਿਆਜ ਦਰਾਂ 2 ਕਰੋ਼ ਰੁਪਏ ਤੋਂ ਘੱਟ ਐੱਫ. ਡੀ. ’ਤੇ ਲਾਗੂ ਹੋਣਗੀਆਂ। ਬੈਂਕ ਦੀ ਵੈੱਬਸਾਈਟ ਮੁਤਾਬਕ ਵਧੀਆਂ ਹੋਈਆਂ ਦਰਾਂ 15 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਦੋ ਮਹੀਨਿਆਂ ਦੇ ਵਕਫੇ ਤੋਂ ਬਾਅਦ ਰਿਟੇਲ ਟਰਮ ਡਿਪਾਜ਼ਿਟ ’ਤੇ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਐੱਫ. ਡੀ. ਦੀਆਂ ਵਿਆਜ ਦਰਾਂ ’ਚ 10 ਤੋਂ 20 ਆਧਾਰ ਅੰਕ ਦਾ ਵਾਧਾ ਕੀਤਾ ਗਿਆ ਹੈ। ਐੱਸ. ਬੀ. ਆਈ. 7 ਦਿਨਾਂ ਤੋਂ 10 ਸਾਲਾਂ ’ਚ ਮੈਚਿਓਰ ਹੋਣ ਵਾਲੀ ਐੱਫ. ਡੀ. ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ’ਚ ਆਮ ਜਨਤਾ ਲਈ 3.00 ਤੋਂ 5.85 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਲਈ 3.50 ਅਤੇ 6.65 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।


Harinder Kaur

Content Editor

Related News