ਦੇਸ਼ 'ਚ 40 ਲੱਖ ਟਨ ਕਣਕ ਦੀ ਹੋ ਸਕਦੀ ਹੈ ਘਾਟ, ਸਰਕਾਰ ਲੈ ਸਕਦੀ ਹੈ ਅਹਿਮ ਫ਼ੈਸਲਾ

Friday, Aug 18, 2023 - 01:15 PM (IST)

ਦੇਸ਼ 'ਚ 40 ਲੱਖ ਟਨ ਕਣਕ ਦੀ ਹੋ ਸਕਦੀ ਹੈ ਘਾਟ, ਸਰਕਾਰ ਲੈ ਸਕਦੀ ਹੈ ਅਹਿਮ ਫ਼ੈਸਲਾ

ਨਵੀਂ ਦਿੱਲੀ - ਦੇਸ਼ ਵਿਚ ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ 15 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਇਸ ਦਾ ਮੁੱਖ ਕਾਰਨ ਸਬਜ਼ੀਆਂ , ਕਣਕ, ਖੁਰਾਕੀ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੈ। ਮਹਿੰਗਾਈ 'ਤੇ ਕਾਬੂ ਪਾਉਣ ਲਈ ਜਿਥੇ ਸਰਕਾਰ ਨੇ ਕਣਕ ਅਤੇ ਚੌਲ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੈ ਉਥੇ ਹੁਣ ਸਰਕਾਰ ਰੂਸ ਕੋਲੋਂ ਕਣਕ ਆਯਾਤ ਕਰਨ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ। 

ਰੂਸ ਤੋਂ ਕਣਕ ਦੀ ਦਰਾਮਦ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰੂਸ ਤੋਂ ਸਸਤੇ ਰੇਟ 'ਤੇ ਕਣਕ ਆਯਾਤ ਕਰਨ ਦੇ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਕਰੀਬ 90 ਲੱਖ ਟਨ ਕਣਕ ਦੀ ਦਰਾਮਦ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਇਸ ਲਈ ਨਿੱਜੀ ਖੇਤਰ ਦੇ ਕਾਰੋਬਾਰੀਆਂ ਅਤੇ ਸਰਕਾਰੀ ਅਦਾਰਿਆਂ ਦੋਵਾਂ ਨਾਲ ਗੱਲਬਾਤ ਕਰ ਰਹੀ ਹੈ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਜ਼ਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਲਈ ਮਹਿੰਗਾਈ ਨੂੰ ਕਾਬੂ ਕਰਨ ਜ਼ਰੂਰੀ ਹੋ ਗਿਆ ਹੈ। 

ਸਾਲ 2017 ਵਿਚ ਕੀਤੀ ਗਈ ਸੀ ਕਣਕ ਦੀ ਦਰਾਮਦ

ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਪੱਧਰ 'ਤੇ ਕਣਕ ਦੀ ਦਰਾਮਦ ਨਹੀਂ ਕੀਤੀ ਹੈ। ਪਿਛਲੀ ਵਾਰ ਭਾਰਤ ਨੇ ਆਖਰੀ ਵਾਰ 2017 'ਚ ਕਣਕ ਦੀ ਦਰਾਮਦ ਕੀਤੀ ਸੀ, ਜਦੋਂ ਵਪਾਰੀਆਂ ਨੇ ਕਰੀਬ 53 ਲੱਖ ਟਨ ਕਣਕ ਦੀ ਦਰਾਮਦ ਕੀਤੀ ਸੀ।

ਜਾਣੋ ਕਿੰਨੀ ਚਾਹੀਦੀ ਹੈ ਦੇਸ਼ ਨੂੰ ਕਣਕ 

ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਇਹ ਹੀ ਕਹਿ ਰਹੀ ਸੀ ਕਿ ਭਾਰਤ ਕੋਲ ਜ਼ਰੂਰਤ ਮੁਤਾਬਕ ਕਣਕ ਦਾ ਸਟਾਕ ਉਪਲੱਬਧ ਹੈ । ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਗਲੇ ਸਾਲ ਅਪ੍ਰੈਲ ਤੱਕ ਦੇਸ਼ 'ਚ 40 ਲੱਖ ਟਨ ਕਣਕ ਦੀ ਘਾਟ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਇੱਕ-ਦੋ ਹਫ਼ਤਿਆਂ ਵਿੱਚ 90 ਲੱਖ ਟਨ ਕਣਕ ਦਰਾਮਦ ਕਰਨ ਦਾ ਫੈਸਲਾ ਲੈ ਸਕਦੀ ਹੈ। 

ਸਥਾਨਕ ਕਣਕ ਨਾਲੋਂ ਸਸਤੀ ਹੋਵੇਗੀ ਰੂਸ ਦੀ ਕਣਕ

ਰੂਸ ਨੇ ਗਰੀਬ ਅਫਰੀਕੀ ਦੇਸ਼ਾਂ ਨੂੰ ਮੁਫਤ ਅਤੇ ਭਾਰਤ ਨੂੰ ਸਸਤੀਆਂ ਦਰਾਂ 'ਤੇ ਕਣਕ ਮੁਹੱਈਆ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਇਕ ਅੰਦਾਜ਼ੇ ਮੁਤਾਬਕ ਰੂਸ ਭਾਰਤ ਨੂੰ ਕਣਕ 'ਤੇ 25 ਤੋਂ 40 ਡਾਲਰ ਪ੍ਰਤੀ ਟਨ ਦੀ ਛੋਟ ਦੇ ਸਕਦਾ ਹੈ। ਇਸ ਤਰ੍ਹਾਂ, ਢੋਆ-ਢੁਆਈ ਦੀ ਲਾਗਤ ਨੂੰ ਸ਼ਾਮਲ ਕਰਨ ਤੋਂ ਬਾਅਦ ਵੀ, ਰੂਸੀ ਕਣਕ ਦੀ ਕੀਮਤ ਭਾਰਤ ਦੀ ਸਥਾਨਕ ਕਣਕ ਨਾਲੋਂ ਘੱਟ ਹੋਵੇਗੀ।

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਕਣਕ ਦੀਆਂ ਥੋਕ ਕੀਮਤਾਂ ਵਿੱਚ ਹੋਇਆ ਵਾਧਾ

ਪਿਛਲੇ ਦੋ ਮਹੀਨਿਆਂ ਵਿੱਚ ਕਣਕ ਦੀਆਂ ਥੋਕ ਕੀਮਤਾਂ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ। ਅਗਸਤ ਦੇ ਪਹਿਲੇ ਹਫ਼ਤੇ ਕਣਕ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ 1 ਅਗਸਤ ਨੂੰ ਸਰਕਾਰ ਕੋਲ 28.3 ਮਿਲੀਅਨ ਟਨ ਕਣਕ ਦਾ ਸਟਾਕ ਸੀ, ਜੋ ਸਾਲਾਨਾ ਔਸਤ ਨਾਲੋਂ 20 ਫੀਸਦੀ ਘੱਟ ਹੈ। ਪਿਛਲੇ ਸਾਲ ਘੱਟ ਉਤਪਾਦਨ ਕਾਰਨ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਸਾਲ ਵੀ ਕਣਕ ਦੀ ਪੈਦਾਵਾਰ ਅਨੁਮਾਨ ਤੋਂ 10 ਫੀਸਦੀ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਦੇਸ਼ ਵਿਚ ਬਰਸਾਤਾਂ ਉਤਪਾਦਨ ਨੂੰ ਹੋਇਆ ਨੁਕਸਾਨ ਵੀ ਹੈ। ਇਸ ਦੇ ਮੱਦੇਨਜ਼ਰ ਰੂਸੀ ਕਣਕ ਦੀ ਦਰਾਮਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਲਗਾਤਾਰ ਵਧ ਰਹੀ ਹੈ ਰੂਸ ਤੋਂ ਭਾਰਤ ਦੀ ਦਰਾਮਦ 

ਖਾਦਾਂ ਅਤੇ ਕੱਚੇ ਤੇਲ ਦੀ ਦਰਾਮਦ ਵਿੱਚ ਵਾਧੇ ਕਾਰਨ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ-ਜੁਲਾਈ) ਵਿੱਚ ਰੂਸ ਤੋਂ ਭਾਰਤ ਦੀ ਦਰਾਮਦ ਦੁੱਗਣੀ ਹੋ ਕੇ 20.45 ਅਰਬ ਡਾਲਰ ਹੋ ਗਈ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਰੂਸ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਯਾਤ ਸਰੋਤ ਬਣ ਗਿਆ ਹੈ। ਅਪ੍ਰੈਲ-ਜੁਲਾਈ 2022 ਦੌਰਾਨ ਰੂਸ ਤੋਂ ਦਰਾਮਦ 10.42 ਬਿਲੀਅਨ ਡਾਲਰ ਰਹੀ। ਯੂਕਰੇਨ-ਰੂਸ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਤੇਲ ਆਯਾਤ ਵਿੱਚ ਰੂਸ ਦਾ ਹਿੱਸਾ ਇੱਕ ਫੀਸਦੀ ਤੋਂ ਵੀ ਘੱਟ ਹੁੰਦਾ ਸੀ ਪਰ ਹੁਣ ਇਹ 40 ਫ਼ੀਸਦੀ ਤੋਂ ਵੀ ਵਧ ਗਿਆ ਹੈ।

ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News