ਹੀਰਾ ਕਾਰੋਬਾਰ ’ਤੇ ਮੰਦੀ ਦੀ ਮਾਰ, ਇਕੱਲੇ ਗੁਜਰਾਤ ’ਚ 60,000 ਲੋਕਾਂ ਦੀ ਗਈ ਨੌਕਰੀ

8/30/2019 10:01:45 AM

ਨਵੀਂ ਦਿੱਲੀ — ਦੇਸ਼ ਦੇ ਹੀਰਾ ਕਾਰੋਬਾਰ ਦੇ ਗੜ੍ਹ ਗੁਜਰਾਤ ’ਚ ਮੰਦੀ ਦਾ ਅਸਰ ਦਿਸਣ ਲੱਗਾ ਹੈ। ਪਿਛਲੇ ਕੁੱਝ ਮਹੀਨਿਆਂ ’ਚ 60,000 ਲੋਕਾਂ ਕੋਲ ਨੌਕਰੀ ਨਹੀਂ ਹੈ। 40 ਫੀਸਦੀ ਫੈਕਟਰੀਆਂ ਨੇ ਆਪਣੇ ਸ਼ਟਰ ਸੁੱਟ ਦਿੱਤੇ ਹਨ, ਜਿਸ ਕਾਰਣ ਇਹ ਸਥਿਤੀ ਪੈਦਾ ਹੋਈ ਹੈ। ਫਿਲਹਾਲ 15 ਫੀਸਦੀ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।

ਸੂਤਰਾਂ ਅਨੁਸਾਰ ਸੂਰਤ ਨੂੰ ਗੁਜਰਾਤ ’ਚ ਹੀਰਾ ਕਾਰੋਬਾਰ ਦਾ ਸਭ ਤੋਂ ਵੱਡਾ ਗੜ੍ਹ ਮੰਨਿਆ ਜਾਂਦਾ ਹੈ। ਇੱਥੋਂ ਦੇ ਕਾਰੋਬਾਰੀਆਂ ਮੁਤਾਬਕ ਨਵੰਬਰ 2016 ਤੋਂ ਬਾਅਦ ਹਾਲਾਤ ਕਾਫ਼ੀ ਮੁਸ਼ਕਿਲ ਹੋਣੇ ਸ਼ੁਰੂ ਹੋ ਗਏ ਸਨ। ਨਵੰਬਰ 2016 ’ਚ ਨੋਟਬੰਦੀ, ਉਸ ਤੋਂ ਬਾਅਦ ਜੁਲਾਈ 2017 ’ਚ ਜੀ. ਐੱਸ. ਟੀ. ਅਤੇ ਫਰਵਰੀ 2018 ’ਚ ਨੀਰਵ ਮੋਦੀ, ਮੇਹੁਲ ਚੋਕਸੀ ਵੱਲੋਂ ਕੀਤੇ ਗਏ ਪੀ. ਐੱਨ. ਬੀ. ਘਪਲੇ ਨੇ ਕਾਰੋਬਾਰ ਦਾ ਲੱਕ ਪੂਰੀ ਤਰ੍ਹਾਂ ਤੋਡ਼ ਦਿੱਤਾ ਹੈ। ਸੂਰਤ ਤੋਂ ਇਲਾਵਾ ਅਮਰੇਲੀ ਅਤੇ ਭਾਵਨਗਰ ’ਚ ਵੀ ਹੀਰੇ ਦੀ ਕਟਿੰਗ ਅਤੇ ਪਾਲਿਸ਼ਿੰਗ ਦਾ ਕਾਰੋਬਾਰ ਹੁੰਦਾ ਹੈ।

ਕੌਮਾਂਤਰੀ ਮੰਗ ਘਟੀ

ਭਾਰਤੀ ਹੀਰੇ ਦੀ ਮੰਗ ਪੂਰੇ ਵਿਸ਼ਵ ’ਚ ਘੱਟ ਹੁੰਦੀ ਜਾ ਰਹੀ ਹੈ। ਚੀਨ ’ਚ 20 ਫੀਸਦੀ, ਖਾੜੀ ਦੇਸ਼ਾਂ ਅਤੇ ਯੂਰਪ ਤੇ ਅਮਰੀਕਾ ’ਚ ਵੀ ਭਾਰਤੀ ਹੀਰੇ ਦੀ ਮੰਗ ’ਚ ਕਮੀ ਦੇਖਣ ਨੂੰ ਮਿਲੀ ਹੈ। ਯਾਨੀ ਕੌਮਾਂਤਰੀ ਪੱਧਰ ’ਤੇ ਭਾਰਤੀ ਹੀਰੇ ਦੀ ਮੰਗ ਘਟ ਗਈ ਹੈ। ਕੱਟ ਪਾਲਿਸ਼ ਹੀਰੇ ਦੀ ਬਰਾਮਦ ਜੁਲਾਈ ’ਚ 18.15 ਫੀਸਦੀ ਘੱਟ ਗਈ ਹੈ। ਉਥੇ ਹੀ ਪਿਛਲੇ ਸਾਲ ਦੇ ਮੁਕਾਬਲੇ ਵਿੱਤੀ ਸਾਲ ਦੀ ਸ਼ੁਰੂਆਤ ਦੇ ਚਾਰ ਮਹੀਨਿਆਂ ’ਚ 15.11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

PunjabKesari

20 ਲੱਖ ਲੋਕ ਕਰਦੇ ਹਨ ਨੌਕਰੀ

ਹੀਰਾ ਕਾਰੋਬਾਰ ਨਾਲ ਗੁਜਰਾਤ ’ਚ 20 ਲੱਖ ਲੋਕ ਜੁਡ਼ੇ ਹੋਏ ਹਨ, ਜਿਨ੍ਹਾਂ ’ਚੋਂ 8 ਲੱਖ ਲੋਕ ਸਿਰਫ ਹੀਰੇ ਦੀ ਕਟਿੰਗ ਅਤੇ ਪਾਲਿਸ਼ਿੰਗ ਕਰਦੇ ਹਨ। ਕਈ ਕੰਪਨੀਆਂ ਹੁਣ ਸਿਰਫ ਇਕ ਸ਼ਿਫਟ ’ਚ ਕੰਮ ਕਰਵਾ ਰਹੀਆਂ ਹਨ। ਜਦਕਿ ਪਹਿਲਾਂ ਤਿੰਨ ਸ਼ਿਫਟਾਂ ’ਚ ਕੰਮ ਹੁੰਦਾ ਸੀ। ਹਾਲਾਂਕਿ ਇਸ ਦੌਰਾਨ ਹੀਰੇ ਦੀਆਂ ਕੀਮਤਾਂ ’ਚ ਵੀ 6 ਤੋਂ 10 ਫੀਸਦੀ ਦੀ ਕਮੀ ਹੋਈ ਹੈ। ਜੁਲਾਈ ’ਚ ਸਿਰਫ 18,633.10 ਕਰੋਡ਼ ਰੁਪਏ ਦਾ ਹੀਰਾ ਬਰਾਮਦ ਹੋਇਆ ਸੀ। ਪਿਛਲੇ ਸਾਲ ਇਸ ਮਹੀਨੇ 84,272.30 ਕਰੋਡ਼ ਰੁਪਏ ਦੀ ਬਰਾਮਦ ਕੀਤੀ ਗਈ ਸੀ। ਇਹ ਪਿਛਲੇ ਸਾਲ ਦੇ ਮੁਕਾਬਲੇ 11.08 ਫੀਸਦੀ ਦੀ ਕਮੀ ਦਰਸਾਉਂਦਾ ਹੈ। ਭਾਰਤ ਦੁਨੀਆ ’ਚ ਰਫ ਡਾਇਮੰਡ ਦੀ ਕਟਿੰਗ ਅਤੇ ਪਾਲਿਸ਼ਿੰਗ ਦਾ ਸਭ ਤੋਂ ਵੱਡਾ ਕੇਂਦਰ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਦੁਨੀਆ ਦੇ 15 ’ਚੋਂ 14 ਰਫ ਡਾਇਮੰਡ ਦੀ ਪਾਲਿਸ਼ਿੰਗ ਇੱਥੇ ਹੁੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ