ਹਾਦਸੇ ''ਚ ਨੌਜਵਾਨ ਦੀ ਮੌਤ, ਪਰਿਵਾਰ ਨੂੰ ਮਿਲੇਗਾ 13.67 ਲੱਖ ਦਾ ਮੁਆਵਜ਼ਾ
Monday, Aug 21, 2017 - 01:06 AM (IST)

ਨਵੀਂ ਦਿੱਲੀ- ਮੋਟਰ ਹਾਦਸਾ ਦਾਅਵਾ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਨੇ ਸੜਕ ਹਾਦਸੇ 'ਚ ਮਾਰੇ ਗਏ 18 ਸਾਲਾ ਨੌਜਵਾਨ ਦੇ ਪਰਿਵਾਰ ਨੂੰ ਬਤੌਰ ਮੁਆਵਜ਼ਾ 13.67 ਲੱਖ ਰੁਪਏ ਦੇਣ ਦਾ ਨਿਰਦੇਸ਼ ਬੀਮਾ ਕੰਪਨੀ ਨੂੰ ਦਿੱਤਾ ਹੈ। ਐੱਮ. ਏ. ਸੀ. ਟੀ. ਦੇ ਮੌਜੂਦਾ ਅਧਿਕਾਰੀ ਰਾਜੀਵ ਬਾਂਸਲ ਨੇ ਆਈ. ਸੀ. ਆਈ. ਸੀ. ਆਈ. ਲੋਮਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ (ਬਾਈਕ ਦੇ ਬੀਮਾਕਰਤਾ) ਨੂੰ ਪੀੜਤ ਦੇਵ ਜੀਤ ਦੀ ਮਾਂ, ਭਰਾ ਅਤੇ ਭੈਣ ਨੂੰ 13,67, 856 ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ।
ਦੇਵ ਜੀਤ ਦੀ ਮੌਤ ਪਿਛਲੇ ਸਾਲ ਉਸ ਸਮੇਂ ਹੋ ਗਈ ਸੀ ਜਦੋਂ ਉਸ ਦਾ ਵਾਹਨ ਇਕ ਰਿਕਸ਼ੇ ਨਾਲ ਜਾ ਟਕਰਾਇਆ ਸੀ। ਉਹ ਬਾਈਕ 'ਤੇ ਚਾਲਕ ਦੇ ਪਿੱਛੇ ਬੈਠਾ ਸੀ। ਟ੍ਰਿਬਿਊਨਲ ਨੇ ਮਾਮਲੇ 'ਚ ਚਸ਼ਮਦੀਦ ਦੀ ਗਵਾਹੀ, ਐੱਫ. ਆਈ. ਆਰ, ਦੋਸ਼ ਪੱਤਰ, ਪੋਸਟਮਾਰਟਮ ਰਿਪੋਰਟ ਅਤੇ ਨਿਰੀਖਣ ਰਿਪੋਰਟ ਸਮੇਤ ਹੋਰ ਦਸਤਾਵੇਜ਼ਾਂ ਦੇ ਆਧਾਰ 'ਤੇ ਪਟੀਸ਼ਨ 'ਤੇ ਫੈਸਲਾ ਲਿਆ ਹੈ। ਪਟੀਸ਼ਨ ਅਨੁਸਾਰ 14 ਜੂਨ 2016 ਨੂੰ ਦੇਵ ਜੀਤ ਬਾਈਕ 'ਤੇ ਅਭੀਨੰਦਨ ਦੇ ਪਿੱਛੇ ਬੈਠਾ ਸੀ। ਦੋਵੇਂ ਸਰਿਤਾ ਬਿਹਾਰ ਤੋਂ ਦੱਖਣ ਦਿੱਲੀ ਦੇ ਮਦਨਪੁਰ ਖਾਦਰ ਸਥਿਤ ਆਪਣੇ ਘਰ ਜਾ ਰਹੇ ਸਨ। ਬਾਈਕ ਜਲਦਬਾਜ਼ੀ 'ਚ ਲਾਪ੍ਰਵਾਹੀ ਨਾਲ ਚਲਾਈ ਜਾ ਰਹੀ ਸੀ, ਜਿਸ ਕਾਰਨ ਉਹ ਇਕ ਰਿਕਸ਼ੇ ਨਾਲ ਜਾ ਟਕਰਾਈ। ਹਾਦਸੇ 'ਚ ਦੋਵੇਂ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ।
ਪੀੜਤ ਨੂੰ ਏਮਸ ਦੇ ਟਰੋਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਣਵਾਈ ਦੌਰਾਨ ਬੀਮਾ ਕੰਪਨੀ ਨੇ ਦੋਸ਼ ਲਾਇਆ ਸੀ ਕਿ ਬਾਈਕ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਅਤੇ ਇਸ ਲਈ ਉਹ ਪਟੀਸ਼ਨ ਕਰਤਾ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਨਹੀਂ ਹੈ। ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ ਪਰ ਪੀੜਤ ਪਰਿਵਾਰ ਨੂੰ ਭੁਗਤਾਨ ਤੋਂ ਬਾਅਦ ਉਨ੍ਹਾਂ ਬਾਈਕ ਚਾਲਕ ਅਤੇ ਵਾਹਨ ਦੇ ਮਾਲਕ ਤੋਂ 9 ਫੀਸਦੀ ਵਿਆਜ 'ਤੇ ਰਾਸ਼ੀ ਵਸੂਲਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ