‘ਕੇਂਦਰ ਨੇ ਕੱਚੇ ਜੂਟ ਦੀ ਜਮ੍ਹਾਖੋਰੀ ਰੋਕਣ ਲਈ ਮੁੱਲ ਹੱਦ ਕੀਤੀ ਤੈਅ

Sunday, Oct 03, 2021 - 11:52 AM (IST)

‘ਕੇਂਦਰ ਨੇ ਕੱਚੇ ਜੂਟ ਦੀ ਜਮ੍ਹਾਖੋਰੀ ਰੋਕਣ ਲਈ ਮੁੱਲ ਹੱਦ ਕੀਤੀ ਤੈਅ

ਕੋਲਕਾਤਾ (ਭਾਸ਼ਾ) - ਕੇਂਦਰ ਨੇ ਕੱਚੇ ਜੂਟ ਦੀ ਜਮ੍ਹਾਖੋਰੀ ਰੋਕਣ ਲਈ ਪੱਛਮੀ ਬੰਗਾਲ ’ਚ ਇਸ ਦੀਆਂ ਦੋ ਕਿਸਮਾਂ ਦੀ ਵੱਧ ਤੋਂ ਵੱਧ ਕੀਮਤ 6,500 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ, ਕਿਉਂਕਿ ਇਸ ਜਿਣਸ ਨੂੰ ਬਾਜ਼ਾਰ ’ਚ 7,200 ਰੁਪਏ ਜਾਂ ਉਸ ਤੋਂ ਜ਼ਿਆਦਾ ਕੀਮਤ ’ਚ ਵੇਚਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁੱਲ ਹੱਦ ਜੂਨ, 2022 ਤੱਕ ਲਾਗੂ ਰਹੇਗੀ।

ਇਕ ਅਧਿਕਾਰੀ ਨੇ ਕਿਹਾ, ‘‘ਕੱਚੇ ਜੂਟ ਦੀ ਕੀਮਤ 7,200 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਤੋਂ ਬਾਅਦ ਇਸ ਖੇਤਰ ਦੇ ਰੈਗੂਲੇਟਰ ਜੂਟ ਕਮਿਸ਼ਨਰ ਨੇ ਜਮ੍ਹਾਖੋਰੀ ਨੂੰ ਨਿਰਉਤਸ਼ਾਹਿਤ ਕਰਨ ਲਈ ਕੱਚੇ ਜੂਟ (ਟੀ. ਡੀ. ਐੱਨ-3 ਅਤੇ ਡਬਲਯੂ. ਐੱਨ-3 ਕਿਸਮਾਂ) ਦੀ ਵੱਧ ਤੋਂ ਵੱਧ ਕੀਮਤ 6,500 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਦਿੱਤੀ ਹੈ। ਹੋਰ ਸੂਬਿਆਂ ’ਚ ਕੱਚੇ ਜੂਟ ਦੀ ਵੱਧ ਤੋਂ ਵੱਧ ਕੀਮਤ 6,800 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਜੂਟ ਸੀਜ਼ਨ (ਜੁਲਾਈ-ਜੂਨ) ਲਈ ਮੁੱਲ ਕੰਟਰੋਲ ਉਪਰਾਲੇ ਲਾਗੂ ਹੋਣਗੇ। ਉਦਯੋਗ ਦੇ ਇਕ ਸੂਤਰ ਨੇ ਕਿਹਾ, ‘‘ਇਸ ਦਾ ਮਤਲੱਬ ਹੈ ਕਿ ਸਰਕਾਰ ਜੂਟ ਦੇ ਬੋਰੇ ਦੀ ਕੀਮਤ ਦੀ ਗਿਣਤੀ ਕਰਦੇ ਸਮੇਂ ਕੱਚੇ ਜੂਟ ਦੀ ਕੀਮਤ 6,500 ਰੁਪਏ ਪ੍ਰਤੀ ਕੁਇੰਟਲ ਨੂੰ ਧਿਆਨ ’ਚ ਰੱਖੇਗੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੱਚੇ ਮਾਲ ਦਾ ਬਾਜ਼ਾਰ ਮੁੱਲ, ਇਸ ਦੀ ਤੈਅ ਕੀਤੀ ਗਈ ਵੱਧ ਤੋਂ ਵੱਧ ਹੱਦ ਤੋਂ ਜ਼ਿਆਦਾ ਹੈ, ਤਾਂ ਜੂਟ ਮਿੱਲਾਂ ਨੂੰ ਨੁਕਸਾਨ ਹੋਵੇਗਾ। ਸੂਤਰ ਨੇ ਕਿਹਾ, ‘‘ਚਾਲੂ ਸਾਲ ’ਚ ਉਤਪਾਦਨ ਬਹੁਤ ਜ਼ਿਆਦਾ ਹੋਇਆ ਹੈ ਅਤੇ ਕਈ ਕਿਸਾਨਾਂ ਅਤੇ ਵਪਾਰੀਆਂ ਨੇ ਹੁਣ ਤੱਕ ਫਸਲ ਨੂੰ ਰੋਕਿਆ ਹੋਇਆ ਹੈ। ਇਸ ਹੁਕਮ ਨਾਲ ਜਿਣਸ ਜਮ੍ਹਾ ਕਰਨ ਦੀ ਉਨ੍ਹਾਂ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ। ਵਧਦੀਆਂ ਕੀਮਤਾਂ ਦੇ ਨਾਲ ਸਾਰੇ ਜੂਟ ਉਤਪਾਦਕ ਜ਼ਿਲਿਆਂ ਦੇ ਸਥਾਨਕ ਵਪਾਰੀਆਂ ਨੇ ਭਵਿੱਖ ’ਚ ਉੱਚੀਆਂ ਕੀਮਤਾਂ ’ਤੇ ਇਸ ਜਿਣਸ ਨੂੰ ਵੇਚਣ ਲਈ ਆਪਣੇ ਘਰਾਂ ’ਚ ਕੱਚੇ ਜੂਟ ਦਾ ਭੰਡਾਰਣ ਕਰਨਾ ਸ਼ੁਰੂ ਕਰ ਦਿੱਤਾ ਸੀ।


author

Harinder Kaur

Content Editor

Related News